8
ਕਲੀਸਿਯਾ ਦਾ ਸਤਾਇਆ ਜਾਣਾ
1 ਸੌਲੁਸ ਉਹ ਦੇ ਮਾਰ ਦੇਣ ਤੋਂ ਰਾਜ਼ੀ ਸੀ। ਉਸ ਦਿਨ ਕਲੀਸਿਯਾ ਉੱਤੇ ਜੋ ਯਰੂਸ਼ਲਮ ਵਿੱਚ ਸੀ ਵੱਡਾ ਕਸ਼ਟ ਹੋਣ ਲੱਗਾ, ਅਤੇ ਰਸੂਲਾਂ ਤੋਂ ਬਿਨ੍ਹਾਂ ਉਹ ਸਭ ਯਹੂਦਿਯਾ ਅਤੇ ਸਾਮਰਿਯਾ ਦੇ ਦੇਸਾਂ ਵਿੱਚ ਖਿੱਲਰ ਗਏ।
2 ਭਗਤ ਲੋਕਾਂ ਨੇ ਇਸਤੀਫ਼ਾਨ ਨੂੰ ਦੱਬਿਆ ਅਤੇ ਉਹ ਦੇ ਲਈ ਵੱਡਾ ਵਿਰਲਾਪ ਕੀਤਾ।
3 ਪਰ ਸੌਲੁਸ ਕਲੀਸਿਯਾ ਦੀ ਤਬਾਹੀ ਕਰਦਾ ਸੀ ਅਤੇ ਉਹ ਘਰਾਂ ਵਿੱਚ ਵੜ ਕੇ ਮਰਦਾਂ ਅਤੇ ਔਰਤਾਂ ਨੂੰ ਘਸੀਟ ਕੇ ਕੈਦ ਵਿੱਚ ਪਾ ਦਿੰਦਾ ਸੀ।
ਸਾਮਰਿਯਾ ਵਿੱਚ ਫਿਲਿਪੁੱਸ ਦਾ ਪਰਚਾਰ
4 ਜਿਹੜੇ ਖਿੱਲਰ ਗਏ ਸਨ, ਘੁੰਮਦੇ ਫਿਰਦੇ ਬਚਨ ਦੀ ਖੁਸ਼ਖਬਰੀ ਦਾ ਪਰਚਾਰ ਕਰਨ ਲੱਗੇ।
5 ਅਤੇ ਫ਼ਿਲਿਪੁੱਸ ਨੇ ਸਾਮਰਿਯਾ ਦੇ ਨਗਰ ਵਿੱਚ ਜਾ ਕੇ, ਉਨ੍ਹਾਂ ਦੇ ਅੱਗੇ ਮਸੀਹ ਦਾ ਪਰਚਾਰ ਕੀਤਾ।
6 ਅਤੇ ਜਦੋਂ ਲੋਕਾਂ ਨੇ ਉਹ ਨਿਸ਼ਾਨ ਜੋ ਉਹ ਵਿਖਾਉਂਦਾ ਸੀ ਸੁਣੇ ਅਤੇ ਵੇਖੇ, ਤਾਂ ਇੱਕ ਮਨ ਹੋ ਕੇ ਫ਼ਿਲਿਪੁੱਸ ਦੀਆਂ ਗੱਲਾਂ ਉੱਤੇ ਮਨ ਲਾਇਆ।
7 ਕਿਉਂਕਿ ਅਸ਼ੁੱਧ ਆਤਮਾਵਾਂ ਬਹੁਤਿਆਂ ਵਿੱਚੋਂ ਜਿਨ੍ਹਾਂ ਨੂੰ ਚਿੰਬੜੀਆਂ ਹੋਈਆਂ ਸਨ, ਉੱਚੀ ਆਵਾਜ਼ ਨਾਲ ਚੀਕਾਂ ਮਾਰਦੀਆਂ ਨਿੱਕਲ ਗਈਆਂ ਅਤੇ ਅਧਰੰਗੀ ਅਤੇ ਲੰਗੜੇ ਬਥੇਰੇ ਚੰਗੇ ਕੀਤੇ ਗਏ।
8 ਅਤੇ ਉਸ ਨਗਰ ਵਿੱਚ ਵੱਡਾ ਆਨੰਦ ਹੋਇਆ।
ਜਾਦੂਗਰ ਸ਼ਮਊਨ
9 ਪਰ ਸ਼ਮਊਨ ਨਾਮ ਦਾ ਇੱਕ ਮਨੁੱਖ ਸੀ, ਜਿਹੜਾ ਉਸ ਨਗਰ ਵਿੱਚ ਜਾਦੂ ਕਰ ਕੇ ਸਾਮਰਿਯਾ ਦੇ ਲੋਕਾਂ ਨੂੰ ਹੈਰਾਨ ਕਰਦਾ ਅਤੇ ਆਖਦਾ ਸੀ ਕਿ ਮੈਂ ਇੱਕ ਮਹਾਂ ਪੁਰਖ ਹਾਂ।
10 ਉਹ ਛੋਟੇ ਤੋਂ ਲੈ ਕੇ ਵੱਡੇ ਸਭ ਉਹ ਦੀ ਵੱਲ ਮਨ ਲਾ ਕੇ ਆਖਦੇ ਸਨ ਕਿ ਇਹ ਮਨੁੱਖ ਪਰਮੇਸ਼ੁਰ ਦੀ ਉਹ ਸਮਰੱਥਾ ਹੈ ਜਿਹੜੀ ਵੱਡੀ ਕਹਾਉਂਦੀ ਹੈ!
11 ਅਤੇ ਉਨ੍ਹਾਂ ਉਹ ਦੀ ਵੱਲ ਇਸ ਕਰਕੇ ਮਨ ਲਾਇਆ ਕਿ ਉਹ ਨੇ ਬਹੁਤ ਸਮੇਂ ਤੋਂ ਜਾਦੂ ਕਰ ਕੇ ਉਨ੍ਹਾਂ ਨੂੰ ਹੈਰਾਨ ਕਰ ਰੱਖਿਆ ਸੀ।
12 ਪਰ ਜਦੋਂ ਉਨ੍ਹਾਂ ਨੇ ਫ਼ਿਲਿਪੁੱਸ ਦਾ ਵਿਸ਼ਵਾਸ ਕੀਤਾ ਜੋ ਪਰਮੇਸ਼ੁਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ਖਬਰੀ ਸੁਣਾਉਂਦਾ ਸੀ ਤਾਂ ਆਦਮੀ ਅਤੇ ਔਰਤਾਂ ਬਪਤਿਸਮਾ ਲੈਣ ਲੱਗੇ।
13 ਅਤੇ ਸ਼ਮਊਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲੈ ਕੇ ਫ਼ਿਲਿਪੁੱਸ ਦੇ ਨਾਲ ਰਹਿਣ ਲੱਗਾ ਅਤੇ ਨਿਸ਼ਾਨੀਆਂ, ਕਰਾਮਾਤਾਂ ਜੋ ਪਰਗਟ ਹੋਈਆਂ ਸਨ ਵੇਖ ਕੇ ਹੈਰਾਨ ਰਹਿ ਗਿਆ।
ਸਾਮਰਿਯਾ ਵਿੱਚ ਪਤਰਸ ਅਤੇ ਯੂਹੰਨਾ
14 ਜਦੋਂ ਰਸੂਲਾਂ ਨੇ ਜਿਹੜੇ ਯਰੂਸ਼ਲਮ ਵਿੱਚ ਸਨ ਇਹ ਸੁਣਿਆ ਕਿ ਸਾਮਰਿਯਾ ਨੇ ਪਰਮੇਸ਼ੁਰ ਦਾ ਬਚਨ ਮੰਨ ਲਿਆ ਤਾਂ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਦੇ ਕੋਲ ਭੇਜਿਆ।
15 ਉਹਨਾਂ ਨੇ ਜਾ ਕੇ ਉਨ੍ਹਾਂ ਦੇ ਲਈ ਪ੍ਰਾਰਥਨਾ ਕੀਤੀ ਕਿ ਉਹ ਪਵਿੱਤਰ ਆਤਮਾ ਪਾਉਣ।
16 ਕਿਉਂ ਜੋ ਉਹ ਹੁਣ ਤੱਕ ਉਨ੍ਹਾਂ ਵਿੱਚੋਂ ਕਿਸੇ ਤੇ ਨਾ ਉਤਰਿਆ ਸੀ, ਪਰ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਮ ਉੱਤੇ ਬਪਤਿਸਮਾ ਲਿਆ ਸੀ।
17 ਤਦ ਇਨ੍ਹਾਂ ਨੇ ਉਨ੍ਹਾਂ ਉੱਤੇ ਹੱਥ ਰੱਖੇ ਅਤੇ ਉਹ ਪਵਿੱਤਰ ਆਤਮਾ ਨਾਲ ਭਰ ਗਏ।
18 ਸ਼ਮਊਨ ਨੇ ਵੇਖਿਆ ਜੋ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਕੋਲ ਰੁਪਏ ਲਿਆਇਆ।
19 ਅਤੇ ਬੋਲਿਆ ਕਿ ਮੈਨੂੰ ਵੀ ਇਹ ਸਮਰੱਥਾ ਦਿਉ ਤਾਂ ਜੋ ਮੈਂ ਜਿਸ ਕਿਸੇ ਤੇ ਹੱਥ ਰੱਖਾਂ ਉਹ ਵੀ ਪਵਿੱਤਰ ਆਤਮਾ ਨਾਲ ਭਰ ਜਾਵੇ।
20 ਪਰ ਪਤਰਸ ਨੇ ਉਹ ਨੂੰ ਕਿਹਾ, ਤੇਰੇ ਰੁਪਏ ਤੇਰੇ ਨਾਲ ਨਾਸ ਹੋਣ ਇਸ ਲਈ ਜੋ ਤੂੰ ਪਰਮੇਸ਼ੁਰ ਦੇ ਵਰਦਾਨ ਨੂੰ ਮੁੱਲ ਲੈਣ ਲਈ ਸੋਚਿਆ!
21 ਤੇਰਾ ਇਸ ਗੱਲ ਵਿੱਚ ਨਾ ਕੋਈ ਹਿੱਸਾ ਨਾ ਸਾਂਝ ਹੈ ਕਿਉਂ ਜੋ ਤੇਰਾ ਮਨ ਪਰਮੇਸ਼ੁਰ ਦੇ ਅੱਗੇ ਸਿੱਧਾ ਨਹੀਂ।
22 ਤੂੰ ਆਪਣੀ ਇਸ ਬੁਰਿਆਈ ਤੋਂ ਤੋਬਾ ਕਰ ਅਤੇ ਪ੍ਰਭੂ ਦੇ ਅੱਗੇ ਬੇਨਤੀ ਕਰ ਤਾਂ ਜੋ ਤੇਰੇ ਮਨ ਵਿੱਚ ਸੋਚ ਹੈ ਮਾਫ਼ ਕੀਤੀ ਜਾਵੇ।
23 ਕਿਉਂ ਜੋ ਮੈਂ ਵੇਖਦਾ ਹਾਂ ਕਿ ਤੂੰ ਪਿੱਤ ਦੀ ਕੁੜੱਤਣ ਅਤੇ ਬਦੀ ਦੇ ਬੰਧਨ ਵਿੱਚ ਹੈਂ।
24 ਸ਼ਮਊਨ ਨੇ ਉੱਤਰ ਦਿੱਤਾ, ਤੁਸੀਂ ਹੀ ਮੇਰੇ ਲਈ ਪ੍ਰਭੂ ਅੱਗੇ ਬੇਨਤੀ ਕਰੋ ਕਿ ਜਿਹੜੀਆਂ ਗੱਲਾਂ ਤੁਸੀਂ ਆਖੀਆਂ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ।
25 ਜਦੋਂ ਉਨ੍ਹਾਂ ਨੇ ਗਵਾਹੀ ਦਿੱਤੀ ਅਤੇ ਪ੍ਰਭੂ ਦਾ ਬਚਨ ਸੁਣਾਇਆ ਅਤੇ ਸਾਮਰਿਯਾ ਦੇ ਬਹੁਤ ਸਾਰਿਆਂ ਪਿੰਡਾਂ ਵਿੱਚ ਖੁਸ਼ਖਬਰੀ ਸੁਣਾਈ ਤਾਂ ਉਹ ਯਰੂਸ਼ਲਮ ਨੂੰ ਮੁੜੇ।
ਫਿਲਿਪੁੱਸ ਅਤੇ ਹਬਸ਼ੀ ਖੋਜਾ
26 ਪਰ ਪ੍ਰਭੂ ਦੇ ਇੱਕ ਦੂਤ ਨੇ ਫ਼ਿਲਿਪੁੱਸ ਨਾਲ ਬਚਨ ਕਰ ਕੇ ਆਖਿਆ ਕਿ ਉੱਠ ਅਤੇ ਦੱਖਣ ਵੱਲ ਉਸ ਰਸਤੇ ਉੱਤੇ ਜਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ, ਉਹ ਉਜਾੜ ਹੈ।
27 ਤਾਂ ਉਹ ਉੱਠ ਕੇ ਤੁਰ ਪਿਆ ਅਤੇ ਵੇਖੋ, ਕਿ ਕੂਸ਼ ਦੇਸ ਦਾ ਇੱਕ ਮਨੁੱਖ ਸੀ, ਜਿਹੜਾ ਖੋਜਾ ਅਤੇ ਕੂਸ਼ ਦੀ ਰਾਣੀ ਕੰਦਾਕੇ ਦਾ ਅਤੇ ਸਾਰੇ ਖ਼ਜ਼ਾਨੇ ਦਾ ਵੱਡਾ ਅਧਿਕਾਰੀ ਸੀ ਅਤੇ ਯਰੂਸ਼ਲਮ ਵਿੱਚ ਬੰਦਗੀ ਕਰਨ ਨੂੰ ਆਇਆ ਸੀ।
28 ਉਹ ਮੁੜਿਆ ਜਾਂਦਾ ਅਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਸਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ।
29 ਤਦ ਆਤਮਾ ਨੇ ਫ਼ਿਲਿਪੁੱਸ ਨੂੰ ਕਿਹਾ ਕਿ ਚੱਲ ਅਤੇ ਇਸ ਰੱਥ ਨਾਲ ਰਲ ਜਾ।
30 ਫ਼ਿਲਿਪੁੱਸ ਨੇ ਉਸ ਵੱਲ ਦੌੜ ਕੇ ਉਸ ਨੂੰ ਯਸਾਯਾਹ ਨਬੀ ਦੀ ਪੋਥੀ ਨੂੰ ਪੜਦੇ ਸੁਣਿਆ ਅਤੇ ਕਿਹਾ, ਜੋ ਕੁਝ ਤੁਸੀਂ ਪੜਦੇ ਹੋ ਸਮਝਦੇ ਵੀ ਹੋ?
31 ਉਸ ਨੇ ਆਖਿਆ, ਜਦੋਂ ਤੱਕ ਕੋਈ ਮੈਨੂੰ ਨਾ ਸਮਝਾਵੇ, ਮੈਂ ਕਿਸ ਤਰ੍ਹਾਂ ਸਮਝ ਸਕਦਾ ਹਾਂ? ਫੇਰ ਉਸ ਨੇ ਫ਼ਿਲਿਪੁੱਸ ਅੱਗੇ ਬੇਨਤੀ ਕੀਤੀ ਕੀ ਮੇਰੇ ਨਾਲ ਚੜ੍ਹ ਕੇ ਬੈਠ ਜਾ।
32 ਪਵਿੱਤਰ ਗ੍ਰੰਥ ਦਾ ਹਿੱਸਾ ਜੋ ਉਹ ਪੜ੍ਹ ਰਿਹਾ ਸੀ, ਸੋ ਇਹ ਸੀ, ਉਹ ਭੇਡ ਦੀ ਤਰ੍ਹਾਂ ਵੱਢੇ ਜਾਣ ਨੂੰ ਲਿਆਂਦਾ ਗਿਆ, ਅਤੇ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਚੁੱਪ ਰਹਿੰਦਾ ਹੈ, ਤਿਵੇਂ ਹੀ ਉਹ ਆਪਣਾ ਮੂੰਹ ਨਹੀਂ ਖੋਲ੍ਹਦਾ!
33 ਉਹ ਦੀ ਅਧੀਨਗੀ ਵਿੱਚ ਉਹ ਦਾ ਨਿਆਂ ਖੁੱਸ ਗਿਆ। ਉਹ ਦੀ ਪੀੜ੍ਹੀ ਦਾ ਕੌਣ ਬਿਆਨ ਕਰੇਗਾ? ਕਿਉਂਕਿ ਉਹ ਦਾ ਪ੍ਰਾਣ ਜੀਉਂਦਿਆਂ ਦੀ ਧਰਤੀ ਤੋਂ ਉਠਾ ਲਿਆ ਗਿਆ।
34 ਤਾਂ ਉਸ ਖੋਜੇ ਨੇ ਅੱਗੋਂ ਫ਼ਿਲਿਪੁੱਸ ਨੂੰ ਆਖਿਆ, ਮੈਂ ਤੇਰੇ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਨਬੀ ਕਿਸ ਦੀ ਗੱਲ ਕਰਦਾ ਹੈ, ਆਪਣੀ ਜਾਂ ਕਿਸੇ ਹੋਰ ਦੀ?
35 ਤਦ ਫ਼ਿਲਿਪੁੱਸ ਨੇ ਆਪਣਾ ਮੂੰਹ ਖੋਲਿਆ ਅਤੇ ਉਸ ਲਿਖਤ ਤੋਂ ਸ਼ੁਰੂ ਕਰਕੇ ਯਿਸੂ ਦੀ ਖੁਸ਼ਖਬਰੀ ਉਸ ਨੂੰ ਸੁਣਾਈ।
36 ਅਤੇ ਉਹ ਰਾਹ ਤੇ ਜਾ ਰਹੇ ਸਨ ਤਦ ਰਾਹ ਵਿੱਚ ਇੱਕ ਪਾਣੀ ਦੇ ਕੁੰਡ ਕੋਲ ਪਹੁੰਚੇ। ਤਦ ਉਸ ਖੋਜੇ ਨੇ ਕਿਹਾ ਕਿ ਵੇਖ, ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?
37 ਫ਼ਿਲਿਪੁੱਸ ਨੇ ਕਿਹਾ, “ਜੇਕਰ ਤੂੰ ਪੂਰੇ ਮਨ ਨਾਲ ਵਿਸ਼ਵਾਸ ਕਰੇ ਤਾਂ ਜ਼ਰੂਰ ਲੈ ਸਕਦਾ ਹੈਂ।” ਉਸ ਨੇ ਉੱਤਰ ਦਿੱਤਾ, “ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ।”
38 ਤਦ ਉਸ ਨੇ ਰੱਥ ਖੜ੍ਹਾ ਕਰਨ ਦਾ ਹੁਕਮ ਕੀਤਾ ਅਤੇ ਫ਼ਿਲਿਪੁੱਸ ਅਤੇ ਖੋਜਾ ਦੋਵੇਂ ਪਾਣੀ ਵਿੱਚ ਉੱਤਰੇ ਅਤੇ ਉਹ ਨੇ ਉਸ ਨੂੰ ਬਪਤਿਸਮਾ ਦਿੱਤਾ।
39 ਅਤੇ ਜਦੋਂ ਉਹ ਪਾਣੀ ਵਿੱਚੋਂ ਨਿੱਕਲ ਕੇ ਬਾਹਰ ਆਏ ਤਦ ਪ੍ਰਭੂ ਦਾ ਆਤਮਾ ਫ਼ਿਲਿਪੁੱਸ ਨੂੰ ਫੜ੍ਹ ਕੇ ਲੈ ਗਿਆ ਅਤੇ ਖੋਜੇ ਨੇ ਉਹ ਨੂੰ ਫੇਰ ਨਾ ਵੇਖਿਆ ਅਤੇ ਉਹ ਅਨੰਦ ਨਾਲ ਆਪਣੇ ਰਾਹ ਚੱਲਿਆ ਗਿਆ।
40 ਪਰ ਫ਼ਿਲਿਪੁੱਸ ਅਜ਼ੋਤੁਸ ਵਿੱਚ ਮਿਲਿਆ ਅਤੇ ਜਦੋਂ ਤੱਕ ਕੈਸਰਿਯਾ ਵਿੱਚ ਨਾ ਆਇਆ ਉਹ ਲੰਘਦਾ ਹੋਇਆ ਸਭਨਾਂ ਨਗਰਾਂ ਵਿੱਚ ਖੁਸ਼ਖਬਰੀ ਸੁਣਾਉਂਦਾ ਗਿਆ।