5
ਕਲੀਸਿਯਾ ਦੇ ਵਿੱਚ ਅਨੈਤਿਕਤਾ
1 ਇਸ ਗੱਲ ਦੀ ਪੱਕੀ ਖ਼ਬਰ ਸੁਣੀ ਹੈ ਜੋ ਤੁਹਾਡੇ ਵਿੱਚ ਹਰਾਮਕਾਰੀ ਹੋ ਰਹੀ ਹੈ ਅਤੇ ਅਜਿਹੀ ਹਰਾਮਕਾਰੀ ਜੋ ਪਰਾਈਆਂ ਕੌਮਾਂ ਵਿੱਚ ਵੀ ਨਹੀਂ ਹੁੰਦੀ ਕਿ ਇੱਕ ਜਣਾ ਆਪਣੇ ਪਿਉ ਦੀ ਔਰਤ ਰੱਖਦਾ ਹੈ।
2 ਅਤੇ ਤੁਸੀਂ ਹੰਕਾਰੇ ਹੋਏ ਹੋ ਸਗੋਂ ਕੀ ਤੁਹਾਨੂੰ ਅਫ਼ਸੋਸ ਨਹੀਂ ਕਰਨਾ ਚਾਹੀਦਾ ਤਾਂ ਜੋ ਜਿਸ ਨੇ ਇਹ ਕੰਮ ਕੀਤਾ ਉਹ ਤੁਹਾਡੇ ਵਿੱਚੋਂ ਤਿਆਗਿਆ ਜਾਵੇ?
3 ਮੈਂ ਤਾਂ ਸਰੀਰ ਦੁਆਰਾ ਤੁਹਾਡੇ ਸਨਮੁਖ ਹੋਣ ਕਰਕੇ ਜਿਸ ਨੇ ਇਹ ਕੰਮ ਕੀਤਾ ਉਹ ਦਾ ਨਬੇੜਾ ਇਸ ਤਰ੍ਹਾਂ ਕਰ ਹਟਿਆ, ਮੰਨੋ ਮੈਂ ਸਨਮੁਖ ਹੀ ਸੀ।
4 ਜਦ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਤੁਸੀਂ ਅਤੇ ਮੇਰਾ ਆਤਮਾ ਸਾਡੇ ਪ੍ਰਭੂ ਯਿਸੂ ਦੀ ਸਮਰੱਥਾ ਨਾਲ ਇਕੱਠੇ ਹੋਏ।
5 ਤਦ ਇਹੋ ਜਿਹੇ ਮਨੁੱਖ ਨੂੰ ਸਰੀਰ ਦੇ ਨਾਸ ਹੋਣ ਲਈ ਸ਼ੈਤਾਨ ਦੇ ਹਵਾਲੇ ਕਰੋ ਤਾਂ ਜੋ ਉਸ ਦਾ ਆਤਮਾ ਪ੍ਰਭੂ ਯਿਸੂ ਦੇ ਦਿਨ ਬਚ ਜਾਵੇ।
6 ਤੁਹਾਡਾ ਘਮੰਡ ਕਰਨਾ ਚੰਗਾ ਨਹੀਂ, ਕੀ ਤੁਸੀਂ ਨਹੀਂ ਜਾਣਦੇ ਜੋ ਥੋੜ੍ਹਾ ਜਿਹਾ ਖ਼ਮੀਰ ਸਾਰੇ ਆਟੇ ਨੂੰ ਖਮੀਰਿਆਂ ਕਰ ਦਿੰਦਾ ਹੈ?
7 ਪੁਰਾਣੇ ਖ਼ਮੀਰ ਨੂੰ ਕੱਢ ਸੁੱਟੋ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ ਤੁਸੀਂ ਤਾਜੇ ਗੁੰਨੇ ਹੋਏ ਆਟੇ ਵਰਗੇ ਬਣੋ ਕਿਉਂ ਜੋ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ।
8 ਸੋ ਆਓ, ਅਸੀਂ ਤਿਉਹਾਰ ਮਨਾਈਏ, ਪੁਰਾਣੇ ਖ਼ਮੀਰ ਨਾਲ ਨਹੀਂ, ਨਾ ਬੁਰਿਆਈ ਅਤੇ ਦੁਸ਼ਟਪੁਣੇ ਦੇ ਖ਼ਮੀਰ ਨਾਲ ਸਗੋਂ ਨਿਸ਼ਕਪਟਤਾ ਅਤੇ ਸਚਿਆਈ ਦੀ ਪਤੀਰੀ ਰੋਟੀ ਨਾਲ।
9 ਮੈਂ ਆਪਣੀ ਪੱਤ੍ਰੀ ਵਿੱਚ ਤੁਹਾਨੂੰ ਇਹ ਲਿਖਿਆ ਜੋ ਹਰਾਮਕਾਰਾਂ ਦੀ ਸੰਗਤ ਨਾ ਕਰੋ।
10 ਇਹ ਨਹੀਂ ਜੋ ਮੂਲੋਂ ਸੰਸਾਰ ਦੇ ਹਰਾਮਕਾਰਾਂ ਅਥਵਾ ਲੋਭੀਆਂ ਅਤੇ ਲੁਟੇਰਿਆਂ ਅਥਵਾ ਮੂਰਤੀ ਪੂਜਕਾਂ ਦੀ ਸੰਗਤ ਨਾ ਕਰਨੀ, ਨਹੀਂ ਤਾਂ ਫੇਰ ਤੁਹਾਨੂੰ ਸੰਸਾਰ ਵਿੱਚੋਂ ਨਿੱਕਲਣਾ ਹੀ ਪੈਂਦਾ।
11 ਪਰ ਹੁਣ ਤਾਂ ਤੁਹਾਨੂੰ ਇਹ ਲਿਖਿਆ ਕਿ ਜੇ ਕੋਈ ਭਰਾ ਕਹਾ ਕੇ ਹਰਾਮਕਾਰ ਜਾਂ ਲੋਭੀ ਜਾਂ ਮੂਰਤੀ ਪੂਜਕ ਜਾਂ ਗੱਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ, ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ।
12 ਕਿਉਂ ਜੋ ਮੈਨੂੰ ਕੀ ਲੋੜ ਹੈ ਜੋ ਬਾਹਰਲਿਆਂ ਦਾ ਨਿਆਂ ਕਰਾਂ? ਕੀ ਤੁਸੀਂ ਕਲੀਸਿਯਾ ਦੇ ਅੰਦਰਲਿਆਂ ਦਾ ਨਿਆਂ ਨਹੀਂ ਕਰਦੇ?
13 ਪਰ ਬਾਹਰਲਿਆਂ ਦਾ ਪਰਮੇਸ਼ੁਰ ਨਿਆਂ ਕਰਦਾ ਹੈ। ਤੁਸੀਂ ਉਸ ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ।