8
ਮੇਢੇ ਅਤੇ ਬੱਕਰੇ ਦਾ ਦਰਸ਼ਣ
1 ਬੇਲਸ਼ੱਸਰ ਰਾਜਾ ਦੇ ਰਾਜ ਦੇ ਤੀਜੇ ਸਾਲ ਵਿੱਚ ਮੈਨੂੰ, ਹਾਂ, ਮੈਂ ਦਾਨੀਏਲ ਨੇ ਜਿਹੜਾ ਪਹਿਲਾਂ ਦਰਸ਼ਣ ਵੇਖਿਆ ਸੀ ਉਹ ਦੇ ਪਿੱਛੋਂ ਇੱਕ ਹੋਰ ਦਰਸ਼ਣ ਵੇਖਿਆ।
2 ਜਦ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਰਹਿੰਦਾ ਸੀ ਜਿਹੜਾ ਏਲਾਮ ਦੇ ਸੂਬੇ ਵਿੱਚ ਹੈ। ਫਿਰ ਮੈਂ ਦਰਸ਼ਣ ਵਿੱਚ ਵੇਖਿਆ ਕਿ ਮੈਂ ਉਲਾਈ ਨਦੀ ਦੇ ਕੰਢੇ ਉੱਤੇ ਹਾਂ।
3 ਤਦ ਮੈਂ ਆਪਣੀਆਂ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਨਦੀ ਦੇ ਅੱਗੇ ਇੱਕ ਮੇਂਢਾ ਖੜ੍ਹਾ ਸੀ ਜਿਹ ਦੇ ਦੋ ਸਿੰਙ ਸਨ ਅਤੇ ਉਹ ਦੋਵੇਂ ਉੱਚੇ ਸਨ ਪਰ ਇੱਕ ਦੂਜੇ ਨਾਲੋਂ ਵੱਡਾ ਸੀ ਅਤੇ ਵੱਡਾ ਦੂਜੇ ਨਾਲੋਂ ਪਿੱਛੋਂ ਉੱਗਿਆ ਸੀ।
4 ਮੈਂ ਉਸ ਮੇਂਢੇ ਨੂੰ ਦੇਖਿਆ ਜਿਹੜਾ ਪੱਛਮ, ਉੱਤਰ ਅਤੇ ਦੱਖਣ ਵੱਲ ਸਿੰਙ ਮਾਰਦਾ ਸੀ ਐਥੋਂ ਤੱਕ ਕੋਈ ਦਰਿੰਦਾ ਉਹ ਦੇ ਸਾਹਮਣੇ ਨਾ ਕਰ ਸਕਿਆ ਅਤੇ ਨਾ ਕੋਈ ਉਹ ਦੇ ਹੱਥੋਂ ਛੁਡਾ ਸਕਿਆ ਪਰ ਉਹ ਜੋ ਚਾਹੁੰਦਾ ਸੀ ਸੋ ਕਰਦਾ ਸੀ ਅਤੇ ਆਪ ਨੂੰ ਵੱਡਾ ਬਣਾਉਂਦਾ ਸੀ।
5 ਮੈਂ ਇਸ ਸੋਚ ਵਿੱਚ ਸੀ ਅਤੇ ਵੇਖੋ ਇੱਕ ਬੱਕਰਾ ਪੱਛਮ ਦੇ ਵੱਲੋਂ ਆਣ ਕੇ ਸਾਰੀ ਧਰਤੀ ਦੇ ਉੱਤੇ ਅਜਿਹਾ ਫਿਰਿਆ ਜੋ ਧਰਤੀ ਉੱਤੇ ਉਸ ਦਾ ਪੈਰ ਨਾ ਛੂਹਿਆ ਅਤੇ ਉਸ ਬੱਕਰੇ ਦੀਆਂ ਦੋਹਾਂ ਅੱਖਾਂ ਦੇ ਵਿਚਕਾਰ ਇੱਕ ਅਚਰਜ਼ ਸਿੰਙ ਸੀ।
6 ਉਹ ਉਸ ਦੋਹਾਂ ਸਿੰਗਾਂ ਵਾਲੇ ਮੇਂਢੇ ਦੇ ਕੋਲ ਜਿਹ ਨੂੰ ਮੈਂ ਨਦੀ ਦੇ ਸਾਹਮਣੇ ਖੜ੍ਹਾ ਵੇਖਿਆ ਸੀ, ਆਇਆ ਅਤੇ ਆਪਣੇ ਜ਼ੋਰ ਦੇ ਗੁੱਸੇ ਨਾਲ ਉਸ ਦੇ ਉੱਤੇ ਦੌੜ ਪਿਆ।
7 ਮੈਂ ਉਹ ਨੂੰ ਵੇਖਿਆ ਕਿ ਉਹ ਮੇਂਢੇ ਦੇ ਨੇੜੇ ਪੁੱਜਾ ਅਤੇ ਉਹ ਦਾ ਕ੍ਰੋਧ ਉਸ ਦੇ ਉੱਤੇ ਜਾਗਿਆ, ਮੇਂਢੇ ਨੂੰ ਮਾਰਿਆ ਅਤੇ ਉਸ ਦੇ ਦੋਵੇਂ ਸਿੰਙ ਭੰਨ ਸੁੱਟੇ। ਉਸ ਮੇਂਢੇ ਵਿੱਚ ਜ਼ੋਰ ਨਹੀਂ ਸੀ ਕਿ ਉਹ ਦਾ ਸਾਹਮਣਾ ਕਰੇ, ਇਸ ਲਈ ਉਹ ਨੇ ਉਸ ਨੂੰ ਧਰਤੀ ਉੱਤੇ ਢਾਹ ਲਿਆ ਅਤੇ ਉਸ ਨੂੰ ਕੁਚਲ ਸੁੱਟਿਆ ਅਤੇ ਕੋਈ ਨਹੀਂ ਸੀ ਜੋ ਮੇਂਢੇ ਨੂੰ ਉਹ ਦੇ ਹੱਥੋਂ ਛੁਡਾ ਸਕੇ।
8 ਤਦ ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ ਅਤੇ ਜਦ ਉਹ ਬਲਵਾਨ ਹੋਇਆ ਤਾਂ ਉਹ ਦਾ ਵੱਡਾ ਸਿੰਙ ਟੁੱਟ ਗਿਆ ਅਤੇ ਉਹ ਦੇ ਥਾਂ ਚਾਰ ਅਚਰਜ਼ ਸਿੰਙ ਅਕਾਸ਼ ਦੀਆਂ ਚਾਰੇ ਦਿਸ਼ਾਵਾਂ ਵੱਲ ਨਿੱਕਲੇ।
9 ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਸਿੰਙ ਨਿੱਕਲਿਆ ਜੋ ਦੱਖਣ, ਪੂਰਬ ਅਤੇ ਮਨਭਾਉਂਦੇ ਦੇਸ ਵੱਲ ਬਹੁਤ ਹੀ ਵੱਧ ਗਿਆ।
10 ਉਹ ਅਕਾਸ਼ ਦੀ ਸੈਨਾਂ ਤੱਕ ਵੱਧ ਗਿਆ ਅਤੇ ਉਸ ਸੈਨਾਂ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਗਿਰਾ ਦਿੱਤਾ ਅਤੇ ਉਹਨਾਂ ਨੂੰ ਕੁਚਲ ਦਿੱਤਾ।
11 ਸਗੋਂ ਉਸ ਨੇ ਸੈਨਾਂ ਦੇ ਪ੍ਰਧਾਨ ਤੱਕ ਆਪਣੇ ਆਪ ਨੂੰ ਉੱਚਾ ਵਧਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿੱਤਰ ਸਥਾਨ ਢਾਇਆ ਗਿਆ।
12 ਸੋ ਉਹ ਸੈਨਾਂ ਸਦਾ ਦੀ ਹੋਮ ਦੀ ਭੇਂਟ ਨਾਲ ਅਪਰਾਧ ਕਰਨ ਕਰਕੇ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਸਚਿਆਈ ਨੂੰ ਧਰਤੀ ਉੱਤੇ ਸੁੱਟਿਆ। ਉਹ ਇਹ ਕਰਦਾ ਅਤੇ ਸਫ਼ਲ ਹੁੰਦਾ ਰਿਹਾ।
13 ਫਿਰ ਮੈਂ ਇੱਕ ਪਵਿੱਤਰ ਜਨ ਨੂੰ ਬੋਲਦਿਆਂ ਸੁਣਿਆ ਅਤੇ ਦੂਜੇ ਪਵਿੱਤਰ ਜਨ ਨੇ ਉਸ ਨੂੰ ਜੋ ਗੱਲਾਂ ਪਿਆ ਕਰਦਾ ਸੀ ਪੁੱਛਿਆ ਕਿ ਉਹ ਦਰਸ਼ਣ ਸਦਾ ਦੇ ਲਈ ਅਤੇ ਉਸ ਉਜਾੜਨ ਵਾਲੇ ਦੇ ਅਪਰਾਧ ਲਈ ਜੋ ਪਵਿੱਤਰ ਸਥਾਨ ਅਤੇ ਸੈਨਾਂ ਦੋਵੇਂ ਦਿੱਤੇ ਗਏ ਉਹਨਾਂ ਦਾ ਕੁਚਲਿਆ ਜਾਣਾ ਕਦੋਂ ਤੱਕ ਰਹੇ?
14 ਉਸ ਨੇ ਮੈਨੂੰ ਆਖਿਆ ਕਿ ਦੋ ਹਜ਼ਾਰ ਤਿੰਨ ਸੌ ਸ਼ਾਮ ਅਤੇ ਸਵੇਰ ਤੱਕ ਹੈ ਫਿਰ ਪਵਿੱਤਰ ਸਥਾਨ ਸ਼ੁੱਧ ਕੀਤਾ ਜਾਵੇਗਾ।
ਜ਼ਿਬਰਾਏਲ ਦੁਆਰਾ ਦਰਸ਼ਣ ਦਾ ਅਰਥ ਦੱਸਿਆ ਜਾਣਾ
15 ਜਦ ਮੈਂ ਦਾਨੀਏਲ ਨੇ ਇਹ ਦਰਸ਼ਣ ਦੇਖਿਆ ਅਤੇ ਉਹ ਦਾ ਅਰਥ ਲੱਭਦਾ ਸੀ ਤਾਂ ਵੇਖੋ, ਮੇਰੇ ਸਾਹਮਣੇ ਕੋਈ ਖੜ੍ਹਾ ਸੀ ਜਿਸ ਦਾ ਰੂਪ ਮਨੁੱਖ ਜਿਹਾ ਸੀ।
16 ਮੈਂ ਇੱਕ ਮਨੁੱਖ ਦੀ ਅਵਾਜ਼ ਸੁਣੀ ਜਿਸ ਨੇ ਉਲਾਈ ਦੇ ਵਿਚਕਾਰ ਪੁਕਾਰ ਕੇ ਆਖਿਆ ਕਿ ਹੇ ਜ਼ਿਬਰਾਏਲ, ਇਸ ਮਨੁੱਖ ਨੂੰ ਇਸ ਦਰਸ਼ਣ ਦਾ ਅਰਥ ਦੱਸ!
17 ਫਿਰ ਜਿੱਥੇ ਮੈਂ ਖੜ੍ਹਾ ਸੀ ਉੱਥੇ ਉਹ ਨੇੜੇ ਆਇਆ ਅਤੇ ਉਸ ਦੇ ਆਉਂਦੇ ਹੀ ਮੈਂ ਡਰ ਗਿਆ ਅਤੇ ਮੂੰਹ ਦੇ ਬਲ ਡਿੱਗ ਪਿਆ ਪਰ ਉਸ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ਸਮਝ ਲੈ ਕਿਉਂ ਜੋ ਇਹ ਦਰਸ਼ਣ ਅੰਤ ਦੇ ਸਮੇਂ ਵਿੱਚ ਪੂਰਾ ਹੋਵੇਗਾ।
18 ਜਦ ਉਹ ਮੈਨੂੰ ਆਖਦਾ ਪਿਆ ਸੀ ਤਾਂ ਮੈਂ ਮੂੰਹ ਦੇ ਬਲ ਵੱਡੀ ਨੀਂਦ ਵਿੱਚ ਧਰਤੀ ਉੱਤੇ ਪਿਆ ਸੀ ਤਾਂ ਉਹ ਨੇ ਮੈਨੂੰ ਛੂਹਿਆ ਅਤੇ ਸਿੱਧਾ ਕਰ ਕੇ ਖੜਾ ਕੀਤਾ।
19 ਤਦ ਉਸ ਨੇ ਆਖਿਆ, ਕ੍ਰੋਧ ਦੇ ਅੰਤ ਦੇ ਦਿਨਾਂ ਵਿੱਚ ਕੀ ਹੋਵੇਗਾ ਉਹ ਮੈਂ ਤੈਨੂੰ ਦੱਸਦਾ ਹਾਂ ਕਿਉਂ ਜੋ ਅੰਤ ਦੇ ਠਹਿਰਾਏ ਹੋਏ ਸਮੇਂ ਵਿੱਚ ਉਹ ਪੂਰਾ ਹੋ ਜਾਵੇਗਾ।
20 ਉਹ ਮੇਂਢਾ ਜਿਸ ਨੂੰ ਤੂੰ ਡਿੱਠਾ ਕਿ ਉਸ ਦੇ ਦੋ ਸਿੰਙ ਹਨ ਸੋ ਮਾਦਾ ਅਤੇ ਫ਼ਾਰਸ ਦੇ ਰਾਜੇ ਹਨ।
21 ਉਹ ਬਲਵਾਨ ਬੱਕਰਾ ਯੂਨਾਨ ਦਾ ਰਾਜਾ ਅਤੇ ਉਹ ਵੱਡਾ ਸਿੰਙ ਜੋ ਉਸ ਦੀਆਂ ਅੱਖੀਆਂ ਦੇ ਵਿਚਕਾਰ ਹੈ ਸੋ ਉਹ ਪਹਿਲਾਂ ਰਾਜਾ ਹੈ।
22 ਇਸ ਕਰਕੇ ਉਹ ਦੇ ਟੁੱਟਣ ਦੇ ਪਿੱਛੋਂ ਉਹ ਦੇ ਥਾਂ ਵਿੱਚ ਚਾਰ ਹੋਰ ਨਿੱਕਲੇ ਸੋ ਇਹ ਚਾਰ ਰਾਜੇ ਹਨ ਜਿਹੜੇ ਉਸ ਦੇਸ਼ ਦੇ ਵਿਚਕਾਰ ਉੱਠਣਗੇ ਪਰ ਉਹਨਾਂ ਦਾ ਜ਼ੋਰ ਉਹ ਦੇ ਵਰਗਾ ਨਾ ਹੋਵੇਗਾ।
23 ਉਹਨਾਂ ਦੇ ਰਾਜ ਦੇ ਅੰਤ ਦੇ ਸਮੇਂ ਵਿੱਚ ਜਿਸ ਵੇਲੇ ਅਪਰਾਧੀ ਤਾਂ ਇੱਕ ਰਾਜਾ ਕਠੋਰਤਾ ਵਾਲਾ ਮੂੰਹ ਅਤੇ ਭੇਤ ਦੀਆਂ ਗੱਲਾਂ ਬੁੱਝਣ ਵਾਲਾ ਉੱਠੇਗਾ।
24 ਉਸ ਦੀ ਸਮਰੱਥਾ ਵੱਡੀ ਹੋਵੇਗੀ ਪਰ ਉਸ ਦਾ ਜ਼ੋਰ ਉਸ ਦੇ ਬਲ ਉੱਤੇ ਨਾ ਹੋਵੇਗਾ ਅਤੇ ਉਹ ਅਚਰਜ਼ ਰੀਤੀ ਨਾਲ ਮਾਰ ਸੁੱਟੇਗਾ ਅਤੇ ਸਫ਼ਲ ਹੋਵੇਗਾ ਅਤੇ ਕੰਮ ਕਰੇਗਾ ਅਤੇ ਜ਼ੋਰਾਵਰਾਂ ਨੂੰ ਅਤੇ ਪਵਿੱਤਰ ਲੋਕਾਂ ਨੂੰ ਨਾਸ ਕਰ ਸੁੱਟੇਗਾ।
25 ਉਸ ਦੀ ਚਤਰਾਈ ਦੇ ਕਾਰਨ ਉਸਦਾ ਧੋਖਾ ਸਫ਼ਲ ਹੋਵੇਗਾ, ਅਤੇ ਉਹ ਮਨ ਵਿੱਚ ਘਮੰਡੀ ਹੋ ਕੇ ਬਹੁਤਿਆਂ ਦਾ ਨਾਸ ਕਰੇਗਾ। ਉਹ ਹਾਕਮਾਂ ਦੇ ਹਾਕਮ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ ਪਰ ਅੰਤ ਵਿੱਚ ਉਹ ਬਿਨ੍ਹਾਂ ਹੱਥ ਲਾਏ ਤੋੜਿਆ ਜਾਵੇਗਾ।
26 ਉਹ ਸ਼ਾਮ ਅਤੇ ਸਵੇਰ ਦਾ ਦਰਸ਼ਣ ਜੋ ਤੂੰ ਦੇਖਿਆ ਅਤੇ ਸੁਣਿਆ ਹੈ ਸੋ ਸੱਚ ਹੈ, ਪਰ ਤੂੰ ਉਸ ਦਰਸ਼ਣ ਨੂੰ ਬੰਦ ਕਰ ਛੱਡ ਕਿਉਂ ਜੋ ਇਹ ਦੇ ਵਿੱਚ ਪੂਰਾ ਹੋਣ ਵਿੱਚ ਬਹੁਤ ਸਮਾਂ ਬਾਕੀ ਹੈ।
27 ਮੈਨੂੰ, ਦਾਨੀਏਲ ਨੂੰ ਮੂਰਛਾ ਪੈ ਗਈ ਅਤੇ ਕਈਆਂ ਦਿਨਾਂ ਤੱਕ ਬਿਮਾਰ ਪਿਆ ਰਿਹਾ, ਫਿਰ ਉਹ ਦੇ ਪਿੱਛੋਂ ਮੈਂ ਉੱਠਿਆ ਅਤੇ ਰਾਜੇ ਦਾ ਕੰਮ-ਧੰਦਾ ਕਰਨ ਲੱਗਾ ਅਤੇ ਦਰਸ਼ਣ ਨਾਲ ਘਬਰਾਉਂਦਾ ਰਿਹਾ ਪਰ ਉਹ ਨੂੰ ਕਿਸੇ ਨੇ ਨਾ ਜਾਣਿਆ।