27
ਹੋਮ ਬਲੀ ਦੀ ਵੇਦੀ
ਕੂਚ 38:1-7
ਤੂੰ ਸ਼ਿੱਟੀਮ ਦੀ ਲੱਕੜੀ ਦੀ ਇੱਕ ਜਗਵੇਦੀ ਬਣਾਈਂ, ਉਸ ਦੀ ਲੰਬਾਈ ਪੰਜ ਹੱਥ ਅਤੇ ਚੌੜਾਈ ਵੀ ਪੰਜ ਹੱਥ ਹੋਵੇ। ਉਹ ਜਗਵੇਦੀ ਚੌਰਸ ਹੋਵੇ ਅਤੇ ਉਸ ਦੀ ਉਚਾਈ ਤਿੰਨ ਹੱਥ ਹੋਵੇ। ਤੂੰ ਉਹ ਦੇ ਸਿੰਗ ਉਹ ਦੇ ਚੌਹਾਂ ਖੂੰਜਿਆਂ ਉੱਤੇ ਬਣਾਈਂ। ਉਹ ਦੇ ਸਿੰਗ ਉਸੇ ਤੋਂ ਹੋਣ ਅਤੇ ਤੂੰ ਉਸ ਨੂੰ ਪਿੱਤਲ ਨਾਲ ਮੜ੍ਹੀਂ। ਤੂੰ ਉਹ ਦੀ ਸੁਆਹ ਚੁੱਕਣ ਵਾਲੇ ਤਸਲੇ, ਉਹ ਦੇ ਕੜਛੇ ਅਤੇ ਉਹ ਦੇ ਬਾਟੇ ਅਤੇ ਉਹ ਦੀਆਂ ਤ੍ਰਿਸੂਲੀਆਂ ਅਤੇ ਉਹ ਦੀਆਂ ਅੰਗੀਠੀਆਂ ਬਣਾਈਂ। ਉਸ ਦੇ ਸਾਰੇ ਭਾਂਡੇ ਤੂੰ ਪਿੱਤਲ ਦੇ ਬਣਾਈਂ। ਤੂੰ ਉਹ ਦੇ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈਂ ਅਤੇ ਤੂੰ ਜਾਲੀ ਉੱਤੇ ਉਹ ਦੇ ਚੌਹਾਂ ਖੂੰਜਿਆਂ ਉੱਤੇ ਚਾਰ ਕੜੇ ਪਿੱਤਲ ਦੇ ਬਣਾਈਂ। ਤੂੰ ਉਹ ਨੂੰ ਜਗਵੇਦੀ ਦੇ ਥੜੇ ਦੇ ਹੇਠ ਰੱਖੀਂ। ਇਸ ਤਰ੍ਹਾਂ ਉਹ ਜਾਲੀ ਜਗਵੇਦੀ ਦੇ ਵਿਚਕਾਰ ਹੋਵੇ। ਤੂੰ ਜਗਵੇਦੀ ਲਈ ਚੋਬਾਂ ਬਣਾਈਂ ਅਰਥਾਤ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਅਤੇ ਤੂੰ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹੀਂ। ਤੂੰ ਉਹ ਦੀਆਂ ਚੋਬਾਂ ਨੂੰ ਕੜਿਆਂ ਵਿੱਚ ਪਾਵੀਂ ਅਤੇ ਉਹ ਚੋਬਾਂ ਜਗਵੇਦੀ ਦੇ ਚੁੱਕਣ ਲਈ ਦੋਹੀਂ ਪਾਸੀਂ ਹੋਣਗੀਆਂ। ਤੂੰ ਉਹ ਨੂੰ ਫੱਟੀਆਂ ਨਾਲ ਖੋਖਲਾ ਬਣਾਈਂ। ਜਿਵੇਂ ਤੈਨੂੰ ਪਰਬਤ ਉੱਤੇ ਦਿਖਾਇਆ ਗਿਆ ਉਸੇ ਤਰ੍ਹਾਂ ਉਹ ਉਸ ਨੂੰ ਬਣਾਉਣ।
ਡੇਰੇ ਦਾ ਵਿਹੜਾ
ਕੂਚ 38:9-20
ਇਸ ਤਰ੍ਹਾਂ ਤੂੰ ਡੇਰੇ ਦਾ ਵਿਹੜਾ ਬਣਾਈਂ - ਦੱਖਣ ਵੱਲ ਦੇ ਪਾਸੇ ਲਈ ਮਹੀਨ ਉਣੀ ਹੋਈ ਕਤਾਨ ਦੀਆਂ ਕਨਾਤਾਂ ਹੋਣ ਅਤੇ ਇੱਕ ਪਾਸੇ ਦੀ ਲੰਬਾਈ ਸੌ ਹੱਥ ਹੋਵੇ। 10 ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ। 11 ਇਸ ਤਰ੍ਹਾਂ ਉੱਤਰ ਦੇ ਪਾਸੇ ਵੱਲ ਸੌ ਹੱਥ ਲੰਮੀਆਂ ਕਨਾਤਾਂ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ। 12 ਵਿਹੜੇ ਦੀ ਚੌੜਾਈ ਲਈ ਲਹਿੰਦੇ ਪਾਸੇ ਵੱਲ ਪੰਜਾਹ ਹੱਥ ਦੀਆਂ ਕਨਾਤਾਂ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਦਸ ਅਤੇ ਚੀਥੀਆਂ ਦਸ ਹੋਣ। 13 ਅਤੇ ਵਿਹੜੇ ਦੀ ਚੌੜਾਈ ਚੜ੍ਹਦੇ ਪਾਸੇ ਵੱਲ ਪੰਜਾਹ ਹੱਥ ਹੋਵੇ 14 ਅਤੇ ਦਰਵਾਜ਼ੇ ਦੇ ਇੱਕ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ 15 ਅਤੇ ਦੂਜੇ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਹੋਣ। ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ। 16 ਵਿਹੜੇ ਦੇ ਫਾਟਕ ਲਈ ਇੱਕ ਓਟ ਵੀਹ ਹੱਥ ਦੀ ਨੀਲੇ, ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦੀ ਬਣਾਈਂ ਅਤੇ ਇਹ ਕਸੀਦੇਕਾਰ ਦਾ ਕੰਮ ਹੋਵੇ। ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਨ੍ਹਾਂ ਦੀਆਂ ਚੀਥੀਆਂ ਚਾਰ ਹੋਣ। 17 ਅਤੇ ਵਿਹੜੇ ਦੀਆਂ ਸਾਰੀਆਂ ਥੰਮ੍ਹੀਆਂ ਚੁਫ਼ੇਰੇ ਚਾਂਦੀ ਦੀਆਂ ਲਕੀਰਾਂ ਨਾਲ ਸਜਾਈਆਂ ਹੋਈਆਂ ਹੋਣ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਪਿੱਤਲ ਦੀਆਂ ਹੋਣ। 18 ਵਿਹੜੇ ਦੀ ਲੰਬਾਈ ਸੌ ਹੱਥ ਅਤੇ ਚੌੜਾਈ ਸਭਨੀਂ ਥਾਈਂ ਪੰਜਾਹ ਹੱਥ ਅਤੇ ਉਸ ਦੀ ਉਚਾਈ ਪੰਜ ਹੱਥ ਮਹੀਨ ਉਣੀ ਹੋਈ ਕਤਾਨ ਦੀ ਹੋਵੇ ਅਤੇ ਉਨ੍ਹਾਂ ਦੀਆਂ ਚੀਥੀਆਂ ਪਿੱਤਲ ਦੀਆਂ ਹੋਣ। 19 ਡੇਰੇ ਦਾ ਸਾਰਾ ਸਮਾਨ ਜਿਹੜਾ ਉਸ ਦੀ ਸਾਰੀ ਉਪਾਸਨਾ ਲਈ ਹੋਵੇ ਅਤੇ ਉਹ ਦੀਆਂ ਸਾਰੀਆਂ ਕੀਲੀਆਂ ਅਤੇ ਵਿਹੜੇ ਦੀਆਂ ਸਾਰੀਆਂ ਕੀਲੀਆਂ ਪਿੱਤਲ ਦੀਆਂ ਹੋਣ।
ਦੀਪਕ ਦੀ ਦੇਖ-ਰੇਖ
ਲੇਵੀਆਂ 24:1-4
20 ਤੂੰ ਇਸਰਾਏਲੀਆਂ ਨੂੰ ਹੁਕਮ ਦੇ ਕਿ ਉਹ ਤੇਰੇ ਕੋਲ ਨਪੀੜ ਕੇ ਕੱਢਿਆ ਹੋਇਆ ਜ਼ੈਤੂਨ ਦਾ ਸ਼ੁੱਧ ਤੇਲ ਚਾਨਣ ਲਈ ਲਿਆਉਣ ਤਾਂ ਜੋ ਸ਼ਮਾਦਾਨ ਸਦਾ ਜਗਦਾ ਰਹੇ। 21 ਅਤੇ ਮੰਡਲੀ ਦੇ ਤੰਬੂ ਵਿੱਚ ਉਸ ਪਰਦੇ ਦੇ ਬਾਹਰ ਜਿਹੜਾ ਸਾਖੀ ਦੇ ਅੱਗੇ ਹੈ ਹਾਰੂਨ ਅਤੇ ਉਸ ਦੇ ਪੁੱਤਰ ਉਹ ਨੂੰ ਸ਼ਾਮ ਤੋਂ ਸਵੇਰ ਤੱਕ ਯਹੋਵਾਹ ਅੱਗੇ ਸਜਾ ਕੇ ਰੱਖਣ। ਇਹ ਸਦਾ ਦੀ ਬਿਧੀ ਪੀੜ੍ਹੀਆਂ ਤੱਕ ਇਸਰਾਏਲੀਆਂ ਵੱਲੋਂ ਹੈ।