37
ਨੇਮ ਦਾ ਸੰਦੂਕ ਬਣਾਇਆ ਜਾਣਾ
ਕੂਚ 25:10-22
1 ਬਸਲਏਲ ਨੇ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਇਆ ਜਿਸ ਦੀ ਲੰਬਾਈ ਢਾਈ ਹੱਥ ਚੌੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਸੀ।
2 ਅਤੇ ਉਸ ਨੇ ਉਸ ਨੂੰ ਅੰਦਰੋਂ ਬਾਹਰੋਂ ਕੁੰਦਨ ਸੋਨੇ ਨਾਲ ਮੜ੍ਹਿਆ ਅਤੇ ਉਸ ਦੇ ਉੱਤੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈ
3 ਅਤੇ ਉਸ ਦੇ ਲਈ ਸੋਨੇ ਦੇ ਚਾਰ ਕੜੇ ਢਾਲ਼ ਕੇ ਉਸ ਦੀਆਂ ਚੌਹਾਂ ਨੁੱਕਰਾਂ ਉੱਤੇ ਬਣਾਏ ਅਰਥਾਤ ਦੋ ਕੜੇ ਇੱਕ ਪਾਸੇ ਅਤੇ ਦੋ ਕੜੇ ਦੂਜੇ ਪਾਸੇ।
4 ਅਤੇ ਉਸ ਨੇ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਉੱਤੇ ਸੋਨਾ ਮੜ੍ਹਿਆ।
5 ਉਸ ਨੇ ਉਨ੍ਹਾਂ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਇਆ ਤਾਂ ਜੋ ਉਨ੍ਹਾਂ ਨਾਲ ਸੰਦੂਕ ਚੁੱਕਿਆ ਜਾਵੇ।
6 ਅਤੇ ਉਸ ਨੇ ਪ੍ਰਾਸਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਇਆ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਸੀ।
7 ਅਤੇ ਉਸ ਨੇ ਸੋਨੇ ਦੇ ਦੋ ਕਰੂਬੀ ਬਣਾਏ। ਉਸ ਨੇ ਉਨ੍ਹਾਂ ਨੂੰ ਘੜ੍ਹ ਕੇ ਪ੍ਰਾਸਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੇ ਬਣਾਇਆ।
8 ਇੱਕ ਕਰੂਬੀ ਇੱਕ ਸਿਰੇ ਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ਤੇ। ਉਸ ਨੇ ਕਰੂਬੀ ਪ੍ਰਾਸਚਿਤ ਦੇ ਸਰਪੋਸ਼ ਦੇ ਦੋਹਾਂ ਪਾਸਿਆਂ ਉੱਤੇ ਉਸੇ ਤੋਂ ਬਣਾਏ
9 ਅਤੇ ਉਹ ਕਰੂਬੀ ਆਪਣੇ ਖੰਭ ਉਤਾਹਾਂ ਨੂੰ ਖਿਲਾਰੇ ਹੋਏ ਸਨ ਅਤੇ ਉਨ੍ਹਾਂ ਦੇ ਖੰਭ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਸਨ ਅਤੇ ਉਨ੍ਹਾਂ ਦੇ ਮੂੰਹ ਆਹਮੋ-ਸਾਹਮਣੇ ਸਨ ਅਤੇ ਕਰੂਬੀਆਂ ਦੇ ਮੂੰਹ ਪ੍ਰਾਸਚਿਤ ਦੇ ਸਰਪੋਸ਼ ਵੱਲ ਸਨ।
ਪਵਿੱਤਰ ਮੇਜ਼ ਦਾ ਬਣਾਇਆ ਜਾਣਾ
ਕੂਚ 25:23-30
10 ਉਸ ਨੇ ਸ਼ਿੱਟੀਮ ਦੀ ਲੱਕੜੀ ਦਾ ਇੱਕ ਮੇਜ਼ ਬਣਾਇਆ। ਉਸ ਦੀ ਲੰਬਾਈ ਦੋ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਉਸ ਦੀ ਉਚਾਈ ਡੇਢ ਹੱਥ ਸੀ।
11 ਅਤੇ ਉਸ ਨੂੰ ਕੁੰਦਨ ਸੋਨੇ ਨਾਲ ਮੜ੍ਹਿਆ ਅਤੇ ਉਸ ਦੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈ।
12 ਉਸ ਨੇ ਉਹ ਦੇ ਲਈ ਇੱਕ ਚੱਪਾ ਭਰ ਕਿਨਾਰੀ ਚੁਫ਼ੇਰੇ ਬਣਾਈ ਅਤੇ ਉਸ ਨੇ ਸੋਨੇ ਦੀ ਬਨੇਰੀ ਕਿਨਾਰੀ ਦੇ ਚੁਫ਼ੇਰੇ ਬਣਾਈ।
13 ਉਸ ਨੇ ਉਹ ਦੇ ਲਈ ਸੋਨੇ ਦੇ ਚਾਰ ਕੜੇ ਢਾਲ਼ ਕੇ ਬਣਾਏ ਅਤੇ ਉਸ ਨੇ ਉਨ੍ਹਾਂ ਕੜਿਆਂ ਨੂੰ ਉਹ ਦੇ ਚੌਹਾਂ ਖੂੰਜਿਆਂ ਉੱਤੇ ਜਿਹੜੇ ਚੌਹਾਂ ਪਾਵਿਆਂ ਉੱਤੇ ਸਨ ਪਾ ਦਿੱਤਾ।
14 ਕਿਨਾਰੀ ਦੇ ਕੋਲ ਹੀ ਕੜੇ ਸਨ ਅਤੇ ਉਹ ਮੇਜ਼ ਦੇ ਚੁੱਕਣ ਨੂੰ ਚੋਬਾਂ ਪਾਉਣ ਲਈ ਸਨ।
15 ਅਤੇ ਉਸ ਨੇ ਚੋਬਾਂ ਸ਼ਿੱਟੀਮ ਦੀ ਲੱਕੜੀ ਤੋਂ ਬਣਾਈਆਂ ਅਤੇ ਉਸ ਨੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ ਤਾਂ ਜੋ ਮੇਜ਼ ਚੁੱਕੀ ਜਾਵੇ।
16 ਉਸ ਨੇ ਮੇਜ਼ ਦੇ ਉੱਪਰਲੇ ਭਾਂਡੇ ਕੁੰਦਨ ਸੋਨੇ ਦੇ ਬਣਾਏ ਅਰਥਾਤ ਉਸ ਦੀਆਂ ਥਾਲੀਆਂ, ਚਮਚੇ, ਗੜਵੇ ਅਤੇ ਡੋਲ੍ਹਣ ਦੇ ਕਟੋਰੇ।
ਸੋਨੇ ਦੀ ਦੀਵਟ ਬਣਾਉਣਾ
ਕੂਚ 25:31-40
17 ਉਸ ਨੇ ਸ਼ਮਾਦਾਨ ਕੁੰਦਨ ਸੋਨੇ ਦਾ ਬਣਾਇਆ ਅਤੇ ਉਹ ਸ਼ਮਾਦਾਨ ਘੜ੍ਹ ਕੇ ਬਣਾਇਆ। ਉਸ ਦਾ ਪਾਏਦਾਨ ਅਤੇ ਡੰਡਾ ਅਤੇ ਕਟੋਰੇ ਅਤੇ ਗੋਲੇ ਅਤੇ ਫੁੱਲ ਉਸ ਵਿੱਚੋਂ ਹੀ ਸਨ
18 ਅਤੇ ਛੇ ਟਹਿਣੀਆਂ ਉਸ ਦੇ ਦੋਹਾਂ ਪਾਸਿਆਂ ਤੋਂ ਨਿੱਕਲਦੀਆਂ ਸਨ। ਸ਼ਮਾਦਾਨ ਦੇ ਇੱਕ ਪਾਸਿਓਂ ਤਿੰਨ ਟਹਿਣੀਆਂ ਅਤੇ ਸ਼ਮਾਦਾਨ ਦੇ ਦੂਜੇ ਪਾਸਿਓਂ ਤਿੰਨ ਟਹਿਣੀਆਂ।
19 ਇੱਕ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਗੋਲੇ ਅਤੇ ਫੁੱਲ ਅਤੇ ਦੂਜੀ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਗੋਲੇ ਅਤੇ ਫੁੱਲ ਸਨ ਅਤੇ ਇਸ ਤਰ੍ਹਾਂ ਹੀ ਛੇਆਂ ਟਹਿਣੀਆਂ ਲਈ ਸੀ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਸਨ।
20 ਅਤੇ ਸ਼ਮਾਦਾਨ ਵਿੱਚ ਚਾਰ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹ ਦੇ ਗੋਲੇ ਅਤੇ ਉਹ ਦੇ ਫੁੱਲ ਸਨ।
21 ਉਸ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਫੇਰ ਉਸ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਉਸ ਤੋਂ ਫੇਰ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਇਸ ਤਰ੍ਹਾਂ ਉਨ੍ਹਾਂ ਛੇਆਂ ਟਹਿਣੀਆਂ ਲਈ ਸੀ ਜਿਹੜੀਆਂ ਉਸ ਤੋਂ ਨਿੱਕਲਦੀਆਂ ਸਨ।
22 ਉਨ੍ਹਾਂ ਦੇ ਗੋਲੇ ਅਤੇ ਉਨ੍ਹਾਂ ਦੀਆਂ ਟਹਿਣੀਆਂ ਉਸੇ ਤੋਂ ਸਨ ਅਰਥਾਤ ਇਹ ਸਾਰਾ ਘੜਿਆ ਹੋਇਆ ਕੁੰਦਨ ਸੋਨੇ ਦੇ ਇੱਕ ਟੁੱਕੜੇ ਤੋਂ ਸੀ।
23 ਉਸ ਦੇ ਉਸ ਨੇ ਸੱਤ ਦੀਵੇ ਬਣਾਏ ਅਤੇ ਉਸ ਦੇ ਗੁਲਤਰਾਸ਼ ਅਤੇ ਉਸ ਦੇ ਗੁਲਦਾਨ ਕੁੰਦਨ ਸੋਨੇ ਦੇ ਸਨ
24 ਅਤੇ ਉਸ ਨੇ ਇੱਕ ਮਣ ਦੇ ਲੱਗਭੱਗ ਕੁੰਦਨ ਸੋਨੇ ਤੋਂ ਇਹ ਸਾਰੇ ਭਾਂਡੇ ਬਣਾਏ।
ਧੂਪ ਦੀ ਵੇਦੀ ਨੂੰ ਬਣਾਉਣਾ
ਕੂਚ 30:1-5
25 ਉਸ ਨੇ ਸ਼ਿੱਟੀਮ ਦੀ ਲੱਕੜੀ ਤੋਂ ਧੂਪ ਦੀ ਇੱਕ ਜਗਵੇਦੀ ਬਣਾਈ। ਉਸ ਦੀ ਲੰਬਾਈ ਇੱਕ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਉਹ ਚੌਰਸ ਸੀ ਅਤੇ ਦੋ ਹੱਥ ਉਸ ਦੀ ਉਚਾਈ ਸੀ ਅਤੇ ਉਸ ਦੇ ਸਿੰਙ ਉਸੇ ਤੋਂ ਸਨ।
26 ਉਸ ਨੇ ਉਹ ਨੂੰ ਖ਼ਾਲਸ ਸੋਨੇ ਨਾਲ ਮੜ੍ਹਿਆ ਅਰਥਾਤ ਉਹ ਦਾ ਉੱਪਰਲਾ ਪਾਸਾ ਅਤੇ ਉਹ ਦੇ ਚੁਫ਼ੇਰੇ ਦੇ ਪਾਸੇ ਅਤੇ ਉਸ ਦੇ ਸਿੰਙ। ਉਸ ਨੇ ਉਹ ਦੇ ਚੁਫ਼ੇਰੇ ਇੱਕ ਸੋਨੇ ਦੀ ਬਨੇਰੀ ਬਣਾਈ
27 ਅਤੇ ਉਸ ਲਈ ਸੋਨੇ ਦੇ ਦੋ ਕੜੇ ਉਸ ਦੀ ਬਨੇਰੀ ਦੇ ਹੇਠ ਉਸ ਦੇ ਦੋਹਾਂ ਪੱਲਿਆਂ ਉੱਤੇ ਅਤੇ ਉਸ ਦੀ ਦੋਹੀਂ ਪਾਸੀਂ ਬਣਾਏ। ਉਸ ਨੂੰ ਚੁੱਕਣ ਲਈ ਚੋਬਾਂ ਦੇ ਥਾਂ ਸਨ।
28 ਉਸ ਨੇ ਚੋਬਾਂ ਸ਼ਿੱਟੀਮ ਦੀ ਲੱਕੜੀ ਤੋਂ ਬਣਾਈਆਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ।
ਧੂਪ ਅਤੇ ਅਭਿਸ਼ੇਕ ਦੇ ਤੇਲ ਦਾ ਬਣਾਇਆ ਜਾਣਾ
ਕੂਚ 30:22-38
29 ਉਸ ਨੇ ਮਸਹ ਕਰਨ ਦਾ ਪਵਿੱਤਰ ਤੇਲ ਅਤੇ ਨਿਰੋਲ ਸੁਗੰਧੀ ਧੂਪ ਨੂੰ ਗਾਂਧੀ ਦੀ ਕਾਰੀਗਰੀ ਦੇ ਅਨੁਸਾਰ ਬਣਾਇਆ।