28
ਇਸਹਾਕ ਨੇ ਯਾਕੂਬ ਨੂੰ ਬੁਲਾਇਆ ਅਤੇ ਉਸ ਨੂੰ ਬਰਕਤ ਦਿੱਤੀ ਅਤੇ ਇਹ ਆਖ ਕੇ ਉਸ ਨੂੰ ਹੁਕਮ ਦਿੱਤਾ, ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ ਕਿਸੇ ਨਾਲ ਵਿਆਹ ਨਾ ਕਰੀਂ। ਉੱਠ, ਪਦਨ ਅਰਾਮ ਨੂੰ ਆਪਣੇ ਨਾਨੇ ਬਥੂਏਲ ਦੇ ਘਰ ਜਾ ਅਤੇ ਉੱਥੋਂ ਆਪਣੇ ਮਾਮੇ ਲਾਬਾਨ ਦੀਆਂ ਧੀਆਂ ਵਿੱਚੋਂ ਇੱਕ ਨਾਲ ਵਿਆਹ ਕਰ ਲਈਂ। ਸਰਬ ਸ਼ਕਤੀਮਾਨ ਪਰਮੇਸ਼ੁਰ ਤੈਨੂੰ ਬਰਕਤ ਦੇਵੇ ਅਤੇ ਤੈਨੂੰ ਫਲਵੰਤ ਬਣਾਵੇ ਅਤੇ ਤੈਨੂੰ ਵਧਾਵੇ ਅਤੇ ਤੂੰ ਬਹੁਤ ਕੌਮਾਂ ਦਾ ਦਲ ਹੋਵੇਂ। ਉਹ ਤੈਨੂੰ ਅਤੇ ਤੇਰੀ ਅੰਸ ਨੂੰ ਵੀ ਅਬਰਾਹਾਮ ਦੀ ਬਰਕਤ ਦੇਵੇ ਤਾਂ ਜੋ ਤੂੰ ਇਸ ਦੇਸ਼ ਨੂੰ ਜਿਸ ਵਿੱਚ ਤੂੰ ਪਰਦੇਸੀ ਹੋ ਕੇ ਰਹਿੰਦਾ ਹੈਂ, ਜਿਸ ਨੂੰ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤਾ ਸੀ, ਆਪਣੀ ਵਿਰਾਸਤ ਬਣਾ ਲਵੇਂ। ਇਸਹਾਕ ਨੇ ਯਾਕੂਬ ਨੂੰ ਤੋਰ ਦਿੱਤਾ ਅਤੇ ਉਹ ਪਦਨ ਅਰਾਮ ਵਿੱਚ ਲਾਬਾਨ ਦੇ ਕੋਲ ਗਿਆ ਜਿਹੜਾ ਅਰਾਮੀ ਬਥੂਏਲ ਦਾ ਪੁੱਤਰ ਅਤੇ ਯਾਕੂਬ ਅਤੇ ਏਸਾਓ ਦੀ ਮਾਤਾ ਰਿਬਕਾਹ ਦਾ ਭਰਾ ਸੀ।
ਏਸਾਓ ਦਾ ਇੱਕ ਹੋਰ ਵਿਆਹ
ਜਦ ਏਸਾਓ ਨੇ ਵੇਖਿਆ ਕਿ ਇਸਹਾਕ ਨੇ ਯਾਕੂਬ ਨੂੰ ਬਰਕਤ ਦਿੱਤੀ ਅਤੇ ਉਸ ਨੂੰ ਪਦਨ ਅਰਾਮ ਵਿੱਚ ਭੇਜ ਦਿੱਤਾ ਹੈ ਜੋ ਉਹ ਉੱਥੋਂ ਆਪਣੇ ਲਈ ਪਤਨੀ ਲਵੇ ਅਤੇ ਉਸ ਨੇ ਉਹ ਨੂੰ ਬਰਕਤ ਦਿੰਦੇ ਹੋਏ ਇਹ ਹੁਕਮ ਦਿੱਤਾ ਕਿ ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ ਕਿਸੇ ਨਾਲ ਵਿਆਹ ਨਾ ਕਰੀਂ, ਅਤੇ ਯਾਕੂਬ ਆਪਣੇ ਮਾਤਾ-ਪਿਤਾ ਦੀ ਸੁਣ ਕੇ ਪਦਨ ਅਰਾਮ ਨੂੰ ਚਲਿਆ ਗਿਆ। ਤਦ ਏਸਾਓ ਨੇ ਇਹ ਵੇਖਿਆ ਕਿ ਕਨਾਨ ਦੀਆਂ ਧੀਆਂ ਮੇਰੇ ਪਿਤਾ ਇਸਹਾਕ ਦੀਆਂ ਅੱਖਾਂ ਵਿੱਚ ਬੁਰੀਆਂ ਹਨ ਤਦ ਏਸਾਓ ਇਸਮਾਏਲ ਕੋਲ ਗਿਆ ਅਤੇ ਅਬਰਾਹਾਮ ਦੇ ਪੁੱਤਰ ਇਸਮਾਏਲ ਦੀ ਧੀ ਅਤੇ ਨਬਾਯੋਤ ਦੀ ਭੈਣ ਮਹਲਥ ਨੂੰ ਆਪਣੇ ਲਈ ਲੈ ਕੇ ਆਪਣੀਆਂ ਦੂਜੀਆਂ ਪਤਨੀਆਂ ਦੇ ਨਾਲ ਰਲਾ ਲਿਆ।
ਯਾਕੂਬ ਦਾ ਸੁਫ਼ਨਾ
10 ਯਾਕੂਬ ਬਏਰਸ਼ਬਾ ਤੋਂ ਚੱਲ ਕੇ ਹਾਰਾਨ ਨੂੰ ਗਿਆ, 11 ਅਤੇ ਇੱਕ ਥਾਂ ਤੇ ਪਹੁੰਚਿਆ ਅਤੇ ਉੱਥੇ ਰਾਤ ਕੱਟੀ ਕਿਉਂ ਜੋ ਸੂਰਜ ਡੁੱਬ ਗਿਆ ਸੀ ਅਤੇ ਇੱਕ ਪੱਥਰ ਉਸ ਥਾਂ ਤੋਂ ਲੈ ਕੇ ਆਪਣੇ ਸਿਰਹਾਣੇ ਰੱਖ ਲਿਆ ਅਤੇ ਉਸ ਥਾਂ ਲੇਟ ਗਿਆ। 12 ਤਦ ਉਸ ਨੇ ਇੱਕ ਸੁਫ਼ਨਾ ਵੇਖਿਆ ਅਤੇ ਵੇਖੋ, ਇੱਕ ਪੌੜੀ ਧਰਤੀ ਉੱਤੇ ਰੱਖੀ ਹੋਈ ਸੀ ਅਤੇ ਉਸ ਦੀ ਚੋਟੀ ਅਕਾਸ਼ ਤੱਕ ਸੀ, ਅਤੇ ਵੇਖੋ ਪਰਮੇਸ਼ੁਰ ਦੇ ਦੂਤ ਉਹ ਦੇ ਉੱਤੇ ਚੜ੍ਹਦੇ-ਉੱਤਰਦੇ ਸਨ। 13 ਵੇਖੋ, ਯਹੋਵਾਹ ਉਸ ਦੇ ਉੱਤੇ* ਖੜ੍ਹਾ ਸੀ ਅਤੇ ਉਸ ਨੇ ਆਖਿਆ, ਮੈਂ ਯਹੋਵਾਹ, ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਹਾਂ। ਜਿਸ ਧਰਤੀ ਉੱਤੇ ਤੂੰ ਪਿਆ ਹੈਂ, ਇਹ ਮੈਂ ਤੈਨੂੰ ਅਤੇ ਤੇਰੀ ਅੰਸ ਨੂੰ ਦਿਆਂਗਾ। 14 ਤੇਰੀ ਅੰਸ ਧਰਤੀ ਦੀ ਧੂੜ ਦੀ ਤਰ੍ਹਾਂ ਹੋਵੇਗੀ ਅਤੇ ਤੂੰ ਪੂਰਬ-ਪੱਛਮ ਅਤੇ ਉੱਤਰ-ਦੱਖਣ ਵੱਲ ਫੁੱਟ ਨਿੱਕਲੇਂਗਾ ਅਤੇ ਤੈਥੋਂ ਅਤੇ ਤੇਰੀ ਅੰਸ ਤੋਂ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ। 15 ਵੇਖ, ਮੈਂ ਤੇਰੇ ਅੰਗ-ਸੰਗ ਹਾਂ ਅਤੇ ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੀ ਰਾਖੀ ਕਰਾਂਗਾ, ਅਤੇ ਤੈਨੂੰ ਫੇਰ ਇਸ ਦੇਸ਼ ਵਿੱਚ ਲੈ ਆਵਾਂਗਾ ਅਤੇ ਜਦੋਂ ਤੱਕ ਮੈਂ ਤੇਰੇ ਨਾਲ ਆਪਣਾ ਬਚਨ ਪੂਰਾ ਨਾ ਕਰਾਂ, ਤੈਨੂੰ ਨਹੀਂ ਛੱਡਾਂਗਾ। 16 ਫੇਰ ਯਾਕੂਬ ਆਪਣੀ ਨੀਂਦ ਤੋਂ ਜਾਗਿਆ ਅਤੇ ਆਖਿਆ, ਸੱਚ-ਮੁੱਚ ਯਹੋਵਾਹ ਇਸ ਸਥਾਨ ਵਿੱਚ ਹੈ, ਪਰ ਮੈਂ ਨਹੀਂ ਜਾਣਦਾ ਸੀ। 17 ਅਤੇ ਉਸ ਨੇ ਭੈਅ ਖਾ ਕੇ ਆਖਿਆ, ਇਹ ਸਥਾਨ ਕਿੰਨ੍ਹਾਂ ਭਿਆਨਕ ਹੈ। ਪਰਮੇਸ਼ੁਰ ਦੇ ਘਰ ਦੇ ਬਿਨ੍ਹਾਂ ਇਹ ਕੋਈ ਹੋਰ ਸਥਾਨ ਨਹੀਂ ਹੋ ਸਕਦਾ, ਸਗੋਂ ਇਹ ਤਾਂ ਸਵਰਗ ਦਾ ਫਾਟਕ ਹੈ। 18 ਯਾਕੂਬ ਸਵੇਰੇ ਉੱਠਿਆ ਅਤੇ ਉਸ ਪੱਥਰ ਨੂੰ ਲੈ ਕੇ ਜਿਹੜਾ ਉਸ ਨੇ ਸਿਰਹਾਣੇ ਲਈ ਰੱਖਿਆ ਸੀ, ਥੰਮ੍ਹ ਲਈ ਖੜ੍ਹਾ ਕੀਤਾ ਅਤੇ ਉਸ ਉੱਤੇ ਤੇਲ ਡੋਲ੍ਹਿਆ। 19 ਉਸ ਨੇ ਉਸ ਸਥਾਨ ਦਾ ਨਾਮ ਬੈਤਏਲ ਰੱਖਿਆ, ਪਰ ਪਹਿਲਾਂ ਉਸ ਨਗਰ ਦਾ ਨਾਮ ਲੂਜ਼ ਸੀ। 20 ਯਾਕੂਬ ਨੇ ਇਹ ਆਖ ਕੇ ਸੁੱਖਣਾ ਸੁੱਖੀ, ਜੇ ਯਹੋਵਾਹ ਪਰਮੇਸ਼ੁਰ ਮੇਰੇ ਅੰਗ-ਸੰਗ ਹੋਵੇ ਅਤੇ ਇਸ ਮਾਰਗ ਵਿੱਚ ਜਿਸ ਵਿੱਚ ਮੈਂ ਤੁਰਿਆ ਜਾਂਦਾ ਹਾਂ ਮੇਰੀ ਰਾਖੀ ਕਰੇ, ਅਤੇ ਮੈਨੂੰ ਖਾਣ ਨੂੰ ਰੋਟੀ ਅਤੇ ਪਾਉਣ ਨੂੰ ਬਸਤਰ ਦੇਵੇ 21 ਅਤੇ ਮੈਂ ਸ਼ਾਂਤੀ ਨਾਲ ਆਪਣੇ ਪਿਤਾ ਦੇ ਘਰ ਨੂੰ ਮੁੜਾਂ ਤਾਂ ਯਹੋਵਾਹ ਮੇਰਾ ਪਰਮੇਸ਼ੁਰ ਹੋਵੇਗਾ। 22 ਅਤੇ ਇਹ ਪੱਥਰ ਜਿਸ ਨੂੰ ਮੈਂ ਥੰਮ੍ਹ ਖੜ੍ਹਾ ਕੀਤਾ ਹੈ, ਪਰਮੇਸ਼ੁਰ ਦਾ ਘਰ ਹੋਵੇਗਾ ਅਤੇ ਸਾਰੀਆਂ ਚੀਜ਼ਾਂ ਜੋ ਤੂੰ ਮੈਨੂੰ ਦੇਵੇਂਗਾ, ਉਨ੍ਹਾਂ ਦਾ ਦਸਵੰਧ ਮੈਂ ਜ਼ਰੂਰ ਹੀ ਤੈਨੂੰ ਦਿਆਂਗਾ।
* 28:13 ਪੋੜੀ ਦੇ ਸਿਰੇ ਤੇ 28:19 ਪਰਮੇਸ਼ੁਰ ਦਾ ਘਰ