51
ਯਰੂਸ਼ਲਮ ਲਈ ਸ਼ਾਂਤੀਦਾਇਕ ਬਚਨ
1 ਹੇ ਧਰਮ ਉੱਤੇ ਚੱਲਣ ਵਾਲਿਓ, ਹੇ ਯਹੋਵਾਹ ਨੂੰ ਭਾਲਣ ਵਾਲਿਓ, ਮੇਰੀ ਸੁਣੋ! ਉਸ ਚੱਟਾਨ ਵੱਲ ਜਿੱਥੋਂ ਤੁਸੀਂ ਕੱਢੇ ਗਏ, ਅਤੇ ਉਸ ਖਦਾਨ ਦੇ ਵੱਲ ਜਿੱਥੋਂ ਤੁਸੀਂ ਪੁੱਟੇ ਗਏ, ਧਿਆਨ ਕਰੋ!
2 ਆਪਣੇ ਮੂਲ ਪਿਤਾ ਅਬਰਾਹਾਮ ਉੱਤੇ ਧਿਆਨ ਕਰੋ, ਅਤੇ ਸਾਰਾਹ ਉੱਤੇ ਜਿਸ ਨੇ ਤੁਹਾਨੂੰ ਜਨਮ ਦਿੱਤਾ, ਜਦ ਉਹ ਇੱਕੋ ਹੀ ਸੀ ਤਦ ਮੈਂ ਉਹ ਨੂੰ ਬੁਲਾਇਆ, ਅਤੇ ਉਹ ਨੂੰ ਬਰਕਤ ਦਿੱਤੀ ਅਤੇ ਉਹ ਨੂੰ ਵਧਾਇਆ।
3 ਯਹੋਵਾਹ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ, ਉਹ ਦੇ ਸਾਰਿਆਂ ਵਿਰਾਨਿਆਂ ਨੂੰ ਦਿਲਾਸਾ ਦੇਵੇਗਾ, ਉਹ ਉਸ ਦੀ ਉਜਾੜ ਨੂੰ ਅਦਨ ਵਾਂਗੂੰ, ਅਤੇ ਉਸ ਦੀ ਸੁੱਕੀ ਭੂਮੀ ਯਹੋਵਾਹ ਦੇ ਬਾਗ ਵਾਂਗੂੰ ਬਣਾ ਦੇਵੇਗਾ। ਖੁਸ਼ੀ ਅਨੰਦ ਉਹ ਦੇ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਤੇ ਭਜਨ ਦੀ ਅਵਾਜ਼ ਵੀ।
4 ਹੇ ਮੇਰੀ ਪਰਜਾ, ਮੇਰੀ ਵੱਲ ਧਿਆਨ ਦਿਓ, ਹੇ ਮੇਰੀ ਕੌਮ ਮੇਰੇ ਵੱਲ ਕੰਨ ਲਾਓ! ਬਿਵਸਥਾ ਮੇਰੇ ਵੱਲੋਂ ਦਿੱਤੀ ਜਾਵੇਗੀ, ਅਤੇ ਮੇਰਾ ਇਨਸਾਫ਼ ਲੋਕਾਂ ਦੇ ਚਾਨਣ ਲਈ ਹੋਵੇਗਾ।
5 ਮੇਰਾ ਧਰਮ ਨੇੜੇ ਹੈ, ਮੇਰਾ ਬਚਾਓ ਨਿੱਕਲਿਆ ਹੈ, ਮੇਰੀਆਂ ਭੁਜਾਂ ਲੋਕਾਂ ਦਾ ਨਿਆਂ ਕਰਨਗੀਆਂ, ਟਾਪੂ ਮੇਰੀ ਉਡੀਕ ਕਰਨਗੇ, ਅਤੇ ਮੇਰੀ ਭੁਜਾ ਉੱਤੇ ਆਸ ਰੱਖਣਗੇ।
6 ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ, ਅਤੇ ਹੇਠਾਂ ਧਰਤੀ ਉੱਤੇ ਨਿਗਾਹ ਮਾਰੋ, ਅਕਾਸ਼ ਤਾਂ ਧੂੰਏਂ ਵਾਂਗੂੰ ਅਲੋਪ ਹੋ ਜਾਵੇਗਾ, ਅਤੇ ਧਰਤੀ ਕੱਪੜੇ ਵਾਂਗੂੰ ਪੁਰਾਣੀ ਪੈ ਜਾਵੇਗੀ, ਉਹ ਦੇ ਵਾਸੀ ਮੱਖੀਆਂ ਵਾਂਗੂੰ ਮਰ ਜਾਣਗੇ, ਪਰ ਮੇਰੀ ਮੁਕਤੀ ਸਦੀਪਕ ਹੋਵੇਗੀ, ਅਤੇ ਮੇਰਾ ਧਰਮ ਅਨੰਤ ਹੋਵੇਗਾ।
7 ਹੇ ਧਰਮ ਦੇ ਜਾਣਨ ਵਾਲਿਓ, ਮੇਰੀ ਸੁਣੋ, ਹੇ ਮੇਰੀ ਪਰਜਾ, ਜਿਨ੍ਹਾਂ ਦੇ ਦਿਲਾਂ ਵਿੱਚ ਮੇਰੀ ਬਿਵਸਥਾ ਹੈ। ਮਨੁੱਖਾਂ ਦੀ ਨਿੰਦਿਆ ਤੋਂ ਨਾ ਡਰੋ, ਅਤੇ ਉਹਨਾਂ ਦੇ ਦੁਰਬਚਨਾਂ ਤੋਂ ਨਾ ਘਬਰਾਓ,
8 ਕਿਉਂ ਜੋ ਕੀੜਾ ਉਹਨਾਂ ਨੂੰ ਕੱਪੜੇ ਵਾਂਗੂੰ ਖਾ ਜਾਵੇਗਾ, ਅਤੇ ਲੇਹਾ ਉਹਨਾਂ ਨੂੰ ਉੱਨ ਵਾਂਗੂੰ ਖਾ ਜਾਵੇਗਾ, ਪਰ ਮੇਰਾ ਧਰਮ ਸਦੀਪਕ ਹੋਵੇਗਾ, ਅਤੇ ਮੇਰੀ ਮੁਕਤੀ ਪੀੜ੍ਹੀਓਂ ਪੀੜ੍ਹੀ ਤੱਕ।
9 ਜਾਗ, ਜਾਗ, ਬਲ ਪਹਿਨ ਲੈ, ਹੇ ਯਹੋਵਾਹ ਦੀ ਭੁਜਾ! ਜਾਗ, ਜਿਵੇਂ ਪੁਰਾਣਿਆਂ ਦਿਨਾਂ ਵਿੱਚ, ਅਤੇ ਪ੍ਰਾਚੀਨ ਸਮਿਆਂ ਦੀਆਂ ਪੀੜ੍ਹੀਆਂ ਵਿੱਚ! ਕੀ ਤੂੰ ਉਹ ਨਹੀਂ ਜਿਸ ਨੇ ਰਹਬ ਨੂੰ ਟੁੱਕੜੇ-ਟੁੱਕੜੇ ਕਰ ਦਿੱਤਾ, ਅਤੇ ਅਜਗਰ ਨੂੰ ਵਿੰਨ੍ਹਿਆ?
10 ਕੀ ਤੂੰ ਉਹ ਨਹੀਂ ਜਿਸ ਨੇ ਸਮੁੰਦਰ ਨੂੰ, ਵੱਡੀ ਡੁੰਘਿਆਈ ਦਿਆਂ ਪਾਣੀਆਂ ਨੂੰ ਸੁਕਾ ਦਿੱਤਾ? ਜਿਸ ਨੇ ਸਮੁੰਦਰ ਦੀ ਤਹਿ ਨੂੰ ਛੁਡਾਏ ਹੋਇਆਂ ਦੇ ਲੰਘਣ ਦਾ ਰਾਹ ਬਣਾ ਦਿੱਤਾ?
11 ਯਹੋਵਾਹ ਦੇ ਮੁੱਲ ਨਾਲ ਛੁਡਾਏ ਹੋਏ ਮੁੜ ਆਉਣਗੇ, ਅਤੇ ਜੈਕਾਰਿਆਂ ਨਾਲ ਸੀਯੋਨ ਵਿੱਚ ਆਉਣਗੇ, ਸਦੀਪਕ ਅਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ, ਉਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹਾਉਂਕੇ ਲੈਣ ਦਾ ਅੰਤ ਹੋ ਜਾਵੇਗਾ।
12 ਮੈਂ, ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ, ਤੂੰ ਕੌਣ ਹੈਂ ਜੋ ਮਰਨਹਾਰ ਮਨੁੱਖ ਤੋਂ ਡਰੇਂ, ਅਤੇ ਆਦਮ ਵੰਸ਼ ਤੋਂ, ਜਿਹੜਾ ਘਾਹ ਵਾਂਗੂੰ ਹੋ ਜਾਵੇਗਾ?
13 ਤੂੰ ਯਹੋਵਾਹ ਆਪਣੇ ਕਰਤਾਰ ਨੂੰ ਵਿਸਾਰ ਦਿੱਤਾ, ਜੋ ਅਕਾਸ਼ ਦਾ ਤਾਣਨ ਵਾਲਾ ਅਤੇ ਧਰਤੀ ਦੀ ਨੀਂਹ ਰੱਖਣ ਵਾਲਾ ਹੈ, ਤੂੰ ਨਿੱਤ ਦਿਹਾੜੇ ਜ਼ਾਲਮ ਦੇ ਗੁੱਸੇ ਤੋਂ ਡਰਦਾ ਹੈਂ, ਜਿਹੜਾ ਨਾਸ ਕਰਨ ਲਈ ਤਿਆਰ ਹੈ, - ਭਲਾ, ਜ਼ਾਲਮ ਦਾ ਗੁੱਸਾ ਕਿੱਥੇ ਰਿਹਾ?
14 ਝੁੱਕਿਆ ਹੋਇਆ ਕੈਦੀ ਛੇਤੀ ਖੋਲ੍ਹਿਆ ਜਾਵੇਗਾ, ਉਹ ਮਰ ਕੇ ਟੋਏ ਵਿੱਚ ਨਾ ਜਾਵੇਗਾ, ਨਾ ਉਸ ਨੂੰ ਰੋਟੀ ਦੀ ਘਾਟ ਹੋਵੇਗੀ।
15 ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਸਮੁੰਦਰ ਨੂੰ ਇਸ ਤਰ੍ਹਾਂ ਉਛਾਲਦਾ ਹਾਂ ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ, - ਸੈਨਾਂ ਦਾ ਯਹੋਵਾਹ ਮੇਰਾ ਨਾਮ ਹੈ!
16 ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾਏ, ਅਤੇ ਮੈਂ ਆਪਣੇ ਹੱਥ ਦੇ ਸਾਯੇ ਵਿੱਚ ਤੈਨੂੰ ਢੱਕਿਆ, ਤਾਂ ਜੋ ਮੈਂ ਅਕਾਸ਼ ਨੂੰ ਤਾਣਾ ਅਤੇ ਧਰਤੀ ਦੀ ਨੀਂਹ ਰੱਖਾਂ, ਅਤੇ ਸੀਯੋਨ ਨੂੰ ਆਖਾਂ, ਤੂੰ ਮੇਰੀ ਪਰਜਾ ਹੈਂ।
ਯਰੂਸ਼ਲਮ ਦੇ ਦੁੱਖਾਂ ਦਾ ਅੰਤ
17 ਹੇ ਯਰੂਸ਼ਲਮ ਜਾਗ, ਜਾਗ! ਖੜ੍ਹਾ ਹੋ ਜਾ! ਤੂੰ ਜਿਸ ਨੇ ਯਹੋਵਾਹ ਦੇ ਹੱਥੋਂ ਉਹ ਦੇ ਕ੍ਰੋਧ ਦਾ ਪਿਆਲਾ ਪੀਤਾ, ਤੂੰ ਜਿਸ ਨੇ ਡਗਮਗਾ ਦੇਣ ਵਾਲੇ ਪਿਆਲੇ ਨੂੰ ਪੀ ਕੇ ਖਾਲੀ ਕੀਤਾ।
18 ਉਨ੍ਹਾਂ ਸਾਰਿਆਂ ਪੁੱਤਰਾਂ ਵਿੱਚੋਂ ਜਿਨ੍ਹਾਂ ਨੂੰ ਉਸ ਨੇ ਜਨਮ ਦਿੱਤਾ, ਉਸ ਦੀ ਅਗਵਾਈ ਕਰਨ ਵਾਲਾ ਨਾ ਰਿਹਾ, ਉਨ੍ਹਾਂ ਸਾਰਿਆਂ ਪੁੱਤਰਾਂ ਵਿੱਚੋਂ ਜਿਨ੍ਹਾਂ ਨੂੰ ਉਸ ਨੇ ਪਾਲਿਆ, ਕੋਈ ਨਹੀਂ ਜੋ ਉਸ ਦਾ ਹੱਥ ਫੜ੍ਹੇ।
19 ਇਹ ਦੋ ਗੱਲਾਂ ਤੇਰੇ ਉੱਤੇ ਆ ਪਈਆਂ, ਕੌਣ ਤੈਨੂੰ ਤਸੱਲੀ ਦੇਵੇਗਾ? ਬਰਬਾਦੀ ਤੇ ਭੰਨ ਤੋੜ, ਕਾਲ ਤੇ ਤਲਵਾਰ ਆ ਪਈ, ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ?
20 ਤੇਰੇ ਪੁੱਤਰ ਬੇਹੋਸ਼ ਹੋ ਗਏ, ਉਹ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਡਿੱਗੇ ਪਏ ਹਨ, ਜਿਵੇਂ ਹਿਰਨ ਜਾਲ਼ ਵਿੱਚ, ਉਹ ਯਹੋਵਾਹ ਦੇ ਗੁੱਸੇ ਨਾਲ, ਤੇਰੇ ਪਰਮੇਸ਼ੁਰ ਦੀ ਝਿੜਕ ਨਾਲ ਭਰੇ ਹੋਏ ਹਨ।
21 ਇਸ ਕਾਰਨ ਹੇ ਦੁਖਿਆਰੀਏ, ਇਹ ਸੁਣ, ਤੂੰ ਮਤਵਾਲੀ ਤਾਂ ਹੈਂ ਪਰ ਮਧ ਨਾਲ ਨਹੀਂ।
22 ਤੇਰਾ ਪ੍ਰਭੂ ਯਹੋਵਾਹ ਅਤੇ ਤੇਰਾ ਪਰਮੇਸ਼ੁਰ, ਜਿਹੜਾ ਆਪਣੀ ਪਰਜਾ ਦਾ ਮੁਕੱਦਮਾ ਲੜਦਾ ਹੈ, ਇਹ ਆਖਦਾ ਹੈ, ਵੇਖ, ਮੈਂ ਤੇਰੇ ਹੱਥੋਂ ਡਗਮਗਾਉਣ ਦਾ ਪਿਆਲਾ ਲੈ ਲਿਆ ਹੈ ਅਰਥਾਤ ਮੇਰੇ ਕ੍ਰੋਧ ਦਾ ਪਿਆਲਾ, ਤੂੰ ਇਹ ਫੇਰ ਕਦੀ ਨਾ ਪੀਵੇਂਗੀ।
23 ਮੈਂ ਉਸ ਨੂੰ ਤੈਨੂੰ ਦੁੱਖ ਦੇਣ ਵਾਲਿਆਂ ਦੇ ਹੱਥ ਵਿੱਚ ਦਿਆਂਗਾ, ਜਿਨ੍ਹਾਂ ਨੇ ਤੈਨੂੰ ਆਖਿਆ ਸੀ, ਝੁੱਕ ਜਾ, ਤਾਂ ਜੋ ਅਸੀਂ ਉੱਪਰੋਂ ਦੀ ਲੰਘੀਏ! ਅਤੇ ਤੂੰ ਆਪਣੀ ਪਿੱਠ ਨੂੰ ਧਰਤੀ ਵਾਂਗੂੰ, ਅਤੇ ਉਹਨਾਂ ਦੇ ਲੰਘਣ ਲਈ ਗਲੀ ਵਾਂਗੂੰ ਬਣਾਇਆ।