10
ਮੂਰਤੀ ਪੂਜਾ ਅਤੇ ਸੱਚੀ ਅਰਾਧਨਾ
1 ਹੇ ਇਸਰਾਏਲ ਦੇ ਘਰਾਣੇ, ਇਸ ਬਚਨ ਨੂੰ ਸੁਣੋ ਜਿਹੜਾ ਯਹੋਵਾਹ ਬੋਲਦਾ ਹੈ,
2 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋ, ਨਾ ਅਕਾਸ਼ ਦੇ ਨਿਸ਼ਾਨਾਂ ਤੋਂ ਘਬਰਾਓ, ਕਿਉਂ ਜੋ ਕੌਮਾਂ ਉਹਨਾਂ ਤੋਂ ਘਬਰਾਉਂਦੀਆਂ ਹਨ।
3 ਉੱਮਤਾਂ ਦੀਆਂ ਬਿਧੀਆਂ ਤਾਂ ਫੋਕੀਆਂ ਹਨ, ਕੋਈ ਜੰਗਲ ਵਿੱਚੋਂ ਰੁੱਖ ਵੱਢਦਾ ਹੈ, ਇਹ ਕੁਹਾੜੇ ਨਾਲ ਤਰਖਾਣ ਦੇ ਹੱਥ ਦਾ ਕੰਮ ਹੈ।
4 ਚਾਂਦੀ ਅਤੇ ਸੋਨੇ ਨਾਲ ਉਹ ਨੂੰ ਸਜਾਉਂਦੇ ਹਨ, ਉਹ ਨੂੰ ਹਥੌੜਿਆਂ ਅਤੇ ਕਿੱਲਾਂ ਨਾਲ ਪੱਕਾ ਕਰਦੇ ਹਨ, ਭਈ ਉਹ ਹਿੱਲ ਨਾ ਸਕੇ।
5 ਉਹ ਕਕੜੀਆਂ ਵਾਂਗੂੰ ਸਖ਼ਤ ਹਨ, ਉਹ ਬੋਲ ਨਹੀਂ ਸਕਦੇ ਉਹ ਚੁੱਕ ਕੇ ਲੈ ਜਾਣੇ ਪੈਂਦੇ ਹਨ, ਕਿਉਂ ਜੋ ਉਹ ਤੁਰ ਨਹੀਂ ਸਕਦੇ! ਉਹਨਾਂ ਤੋਂ ਨਾ ਡਰੋ, ਕਿਉਂ ਜੋ ਉਹ ਬੁਰਿਆਈ ਨਹੀਂ ਕਰ ਸਕਦੇ, ਨਾ ਹੀ ਉਹ ਭਲਿਆਈ ਕਰ ਸਕਦੇ ਹਨ।
6 ਹੇ ਯਹੋਵਾਹ, ਤੇਰੇ ਜਿਹਾ ਕੋਈ ਨਹੀਂ, ਤੂੰ ਵੱਡਾ ਹੈਂ ਅਤੇ ਸ਼ਕਤੀ ਦੇ ਕਾਰਨ ਤੇਰਾ ਨਾਮ ਵੱਡਾ ਹੈ।
7 ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਕੋਲੋਂ ਕੌਣ ਨਹੀਂ ਡਰੇਗਾ? ਕਿਉਂ ਜੋ ਇਹ ਤੈਨੂੰ ਜੋਗ ਹੈ। ਕੌਮਾਂ ਦੇ ਸਾਰੇ ਬੁੱਧਵਾਨਾਂ ਵਿੱਚ, ਅਤੇ ਸਾਰੀਆਂ ਪਾਤਸ਼ਾਹੀਆਂ ਵਿੱਚ, ਤੇਰੇ ਜਿਹਾ ਕੋਈ ਨਹੀਂ।
8 ਉਹ ਸਾਰੇ ਬੇਦਰਦ ਅਤੇ ਮੂਰਖ ਹਨ, ਉਹ ਫੋਕੀਆਂ ਗੱਲਾਂ ਦੀ ਸਿੱਖਿਆ ਲਈ ਲੱਕੜੀ ਹੀ ਹੈ।
9 ਤਰਸ਼ੀਸ਼ ਸ਼ਹਿਰ ਦੀ ਕੁੱਟੀ ਹੋਈ ਚਾਂਦੀ, ਅਤੇ ਊਫਾਜ਼ ਸ਼ਹਿਰ ਤੋਂ ਸੋਨਾ ਲਿਆਇਆ ਜਾਂਦਾ ਹੈ, ਉਹ ਮਿਸਤਰੀ ਦਾ, ਸਰਾਫ਼ ਦੇ ਹੱਥਾਂ ਦਾ ਕੰਮ ਹੈ, ਉਹਨਾਂ ਦੀ ਪੁਸ਼ਾਕ ਨੀਲੀ ਅਤੇ ਬੈਂਗਣੀ ਹੈ, ਉਹ ਸਾਰੇ ਬੁੱਧਵਾਨਾਂ ਦਾ ਕੰਮ ਹੈ!
10 ਪਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਹ ਜੀਉਂਦਾ ਪਰਮੇਸ਼ੁਰ ਅਤੇ ਸਦੀਪਕਾਲ ਦਾ ਰਾਜਾ ਹੈ, ਉਹ ਦੇ ਲਾਲ ਪੀਲਾ ਹੋਣ ਨਾਲ ਧਰਤੀ ਕੰਬਦੀ ਹੈ, ਕੌਮਾਂ ਉਹ ਦਾ ਗਜ਼ਬ ਨਹੀਂ ਝੱਲ ਸਕਦੀਆਂ।
11 ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਦੱਸੋ, ਉਹ ਦੇਵਤੇ ਜਿਹਨਾਂ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਉਹ ਧਰਤੀ ਤੋਂ ਅਤੇ ਅਕਾਸ਼ ਦੇ ਹੇਠੋਂ ਮਿਟ ਜਾਣਗੇ।
ਸਤੂਤੀ ਦਾ ਗੀਤ
12 ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ, ਅਤੇ ਆਪਣੀ ਸਮਝ ਨਾਲ ਅਕਾਸ਼ਾਂ ਨੂੰ ਤਾਣਿਆ ਹੈ।
13 ਜਦ ਉਹ ਆਪਣੀ ਆਵਾਜ਼ ਕੱਢਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ, ਉਹ ਧਰਤੀ ਦੇ ਕੰਢਿਆਂ ਤੋਂ ਭਾਫ਼ ਨੂੰ ਚੁੱਕਦਾ ਹੈ, ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ, ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ।
14 ਹਰੇਕ ਆਦਮੀ ਬੇਦਰਦ ਅਤੇ ਗਿਆਨਹੀਣ ਹੋ ਗਿਆ ਹੈ, ਹਰੇਕ ਸਰਾਫ਼ ਆਪਣੀ ਮੂਰਤ ਦੇ ਕਾਰਨ ਸ਼ਰਮਿੰਦਾ ਹੈ, ਕਿਉਂ ਜੋ ਉਸ ਦੀ ਢਾਲੀ ਹੋਈ ਮੂਰਤ ਝੂਠੀ ਹੈ, ਅਤੇ ਉਸ ਵਿੱਚ ਸਾਹ ਨਹੀਂ।
15 ਉਹ ਫੋਕੇ ਹਨ, ਉਹ ਧੋਖੇ ਦਾ ਕੰਮ ਹਨ, ਉਹ ਆਪਣੀ ਸਜ਼ਾ ਦੇ ਵੇਲੇ ਮਿਟ ਜਾਣਗੇ।
16 ਜਿਹੜਾ ਯਾਕੂਬ ਦਾ ਹਿੱਸਾ ਹੈ ਉਹ ਇਹਨਾਂ ਜਿਹਾ ਨਹੀਂ, ਕਿਉਂ ਜੋ ਉਹ ਸਾਰੀਆਂ ਚੀਜ਼ਾਂ ਦਾ ਸਿਰਜਣਹਾਰ ਹੈ, ਇਸਰਾਏਲ ਦਾ ਗੋਤ ਉਹ ਦੀ ਮਿਰਾਸ ਹੈ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ।
ਆਉਣ ਵਾਲੀ ਗੁਲਾਮੀ
17 ਧਰਤੀ ਤੋਂ ਆਪਣੀ ਗਠੜੀ ਇਕੱਠੀ ਕਰ ਲੈ, ਤੂੰ ਜਿਹੜੀ ਘੇਰੇ ਵਿੱਚ ਰਹਿੰਦੀ ਹੈਂ।
18 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਵੇਖੋ, ਮੈਂ ਇਸ ਵੇਲੇ ਦੇਸ ਦੇ ਵਾਸੀਆਂ ਨੂੰ ਗੋਪੀਏ ਨਾਲ ਸੁੱਟਣ ਵਾਲਾ ਹਾਂ, ਮੈਂ ਉਹਨਾਂ ਨੂੰ ਦੁੱਖ ਦਿਆਂਗਾ, ਭਈ ਉਹ ਸਮਝਣ।
19 ਮੇਰੇ ਘਾਓ ਦੇ ਕਾਰਨ ਮੇਰੇ ਉੱਤੇ ਅਫ਼ਸੋਸ! ਮੇਰਾ ਫੱਟ ਬਹੁਤ ਸਖ਼ਤ ਹੈ, ਪਰ ਮੈਂ ਆਖਿਆ ਸੀ ਕਿ ਇਹ ਮੇਰਾ ਦੁੱਖ ਹੈ, ਮੈਂ ਇਸ ਨੂੰ ਝੱਲਾਂਗਾ।
20 ਮੇਰਾ ਤੰਬੂ ਲੁੱਟਿਆ ਗਿਆ, ਮੇਰੀਆਂ ਸਭ ਲਾਸਾਂ ਤੋੜ ਦਿੱਤੀਆਂ ਗਈਆਂ, ਮੇਰੇ ਪੁੱਤਰ ਮੇਰੇ ਕੋਲੋਂ ਤੁਰ ਗਏ, ਅਤੇ ਉਹ ਨਹੀਂ ਹਨ, ਕੋਈ ਨਹੀਂ ਜਿਹੜਾ ਮੇਰਾ ਤੰਬੂ ਫੇਰ ਤਾਣੇ, ਅਤੇ ਮੇਰੀਆਂ ਕਨਾਤਾਂ ਲਾਵੇ।
21 ਆਜੜੀ ਤਾਂ ਬੇਦਰਦ ਹਨ, ਉਹਨਾਂ ਯਹੋਵਾਹ ਦੀ ਭਾਲ ਨਹੀਂ ਕੀਤੀ, ਇਸ ਲਈ ਉਹ ਸਫ਼ਲ ਨਾ ਹੋਏ, ਉਹਨਾਂ ਦੇ ਸਾਰੇ ਇੱਜੜ ਖੇਰੂੰ-ਖੇਰੂੰ ਹੋ ਗਏ।
22 ਇੱਕ ਸੁਨੇਹੇ ਦੀ ਅਵਾਜ਼ ਸੁਣਾਈ ਦਿੰਦੀ ਹੈ, ਵੇਖੋ, ਉੱਤਰ ਦੇਸ ਵੱਲੋਂ ਇੱਕ ਵੱਡਾ ਰੌਲ਼ਾ, ਭਈ ਯਹੂਦਾਹ ਦੇ ਸ਼ਹਿਰ ਵਿਰਾਨ ਹੋ ਜਾਣ, ਉਹ ਗਿੱਦੜਾਂ ਦੇ ਘੁਰਨੇ ਬਣਨ।
23 ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਸ ਦੇ ਵੱਸ ਵਿੱਚ ਨਹੀਂ ਹੈ, ਇਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।
24 ਹੇ ਯਹੋਵਾਹ, ਮੇਰਾ ਸੁਧਾਰ ਕਰ ਪਰ ਨਰਮਾਈ ਨਾਲ, ਨਾ ਕਿ ਆਪਣੇ ਕ੍ਰੋਧ ਨਾਲ ਮਤੇ ਤੂੰ ਮੈਨੂੰ ਘਟਾਵੇਂ।
25 ਤੂੰ ਆਪਣਾ ਗੁੱਸਾ ਉਹਨਾਂ ਕੌਮਾਂ ਉੱਤੇ ਪਾ ਦੇ ਜਿਹੜੀਆਂ ਤੈਨੂੰ ਨਹੀਂ ਜਾਣਦੀਆਂ, ਉਹਨਾਂ ਘਰਾਣਿਆਂ ਉੱਤੇ ਜਿਹੜੇ ਤੇਰਾ ਨਾਮ ਨਹੀਂ ਲੈਂਦੇ। ਉਹਨਾਂ ਯਾਕੂਬ ਨੂੰ ਖਾ ਲਿਆ ਹੈ, ਉਹ ਨੂੰ ਭੱਖ ਲਿਆ ਅਤੇ ਮੁਕਾ ਦਿੱਤਾ ਹੈ, ਅਤੇ ਉਹ ਦੇ ਵਸੇਬਿਆਂ ਨੂੰ ਵਿਰਾਨ ਕਰ ਛੱਡਿਆ ਹੈ।