22
ਯਹੂਦਾਹ ਦੇ ਰਾਜ ਵੰਸ਼ ਦੇ ਲਈ ਯਿਰਮਿਯਾਹ ਦਾ ਸੰਦੇਸ਼
1 ਯਹੋਵਾਹ ਐਉਂ ਆਖਦਾ ਹੈ ਕਿ ਯਹੂਦਾਹ ਦੇ ਰਾਜਾ ਦੇ ਮਹਿਲ ਨੂੰ ਉੱਤਰ ਜਾ ਅਤੇ ਉੱਥੇ ਇਹ ਗੱਲ ਕਰ ਕੇ ਆਖ ਕਿ
2 ਯਹੋਵਾਹ ਦਾ ਬਚਨ ਸੁਣ, ਹੇ ਯਹੂਦਾਹ ਦੇ ਪਾਤਸ਼ਾਹ, ਜਿਹੜਾ ਦਾਊਦ ਦੇ ਸਿੰਘਾਸਣ ਉੱਤੇ ਬੈਠਾ ਹੈ, ਤੂੰ ਅਤੇ ਤੇਰੇ ਟਹਿਲੂਏ ਤੇਰੇ ਕੋਲ ਜਿਹੜੇ ਇਹਨਾਂ ਫਾਟਕਾਂ ਥਾਣੀ ਵੜਦੇ ਹੋ
3 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਇਨਸਾਫ਼ ਅਤੇ ਧਰਮ ਦੇ ਕੰਮ ਕਰੋ ਅਤੇ ਲੁੱਟਿਆਂ ਹੋਇਆਂ ਨੂੰ ਦੁੱਖ ਦੇਣ ਵਾਲੇ ਦੇ ਹੱਥੋਂ ਛੁਡਾਓ ਅਤੇ ਪਰਦੇਸੀ, ਯਤੀਮ ਅਤੇ ਵਿਧਵਾ ਦਾ ਨਾ ਤਾਂ ਹੱਕ ਮਾਰੋ, ਨਾ ਜ਼ੁਲਮ ਕਰੋ ਅਤੇ ਨਾ ਇਸ ਸਥਾਨ ਵਿੱਚ ਬੇਦੋਸ਼ ਦਾ ਲਹੂ ਵਹਾਓ
4 ਕਿਉਂਕਿ ਜੇ ਉਹ ਸੱਚੀ ਮੁੱਚੀ ਇਹ ਕਰੋਗੇ ਤਾਂ ਦਾਊਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਰਾਜਾ ਰੱਥਾਂ ਅਤੇ ਘੋੜਿਆਂ ਉੱਤੇ ਚੜ੍ਹ ਕੇ ਇਸ ਮਹਿਲ ਦੇ ਫਾਟਕਾਂ ਵਿੱਚ ਵੜਨਗੇ, ਉਹ ਅਤੇ ਉਹਨਾਂ ਦੇ ਟਹਿਲੂਏ ਅਤੇ ਉਹਨਾਂ ਦੇ ਲੋਕ ਵੀ
5 ਪਰ ਜੇ ਤੁਸੀਂ ਇਹ ਗੱਲਾਂ ਨਾ ਸੁਣੋਗੇ ਤਾਂ ਮੈਨੂੰ ਮੇਰੀ ਹੀ ਸਹੁੰ, ਯਹੋਵਾਹ ਦਾ ਵਾਕ ਹੈ, ਕਿ ਇਹ ਘਰ ਵਿਰਾਨ ਹੋ ਜਾਵੇਗਾ
6 ਯਹੂਦਾਹ ਦੇ ਰਾਜਾ ਦੇ ਮਹਿਲ ਦੇ ਬਾਰੇ ਯਹੋਵਾਹ ਐਉਂ ਆਖਦਾ ਹੈ, - ਤੂੰ ਮੇਰੇ ਲਈ ਗਿਲਆਦ ਹੈਂ ਅਤੇ ਲਬਾਨੋਨ ਦਾ ਸਿਰ, ਸੱਚੀ ਮੁੱਚੀ ਮੈਂ ਤੈਨੂੰ ਉਜਾੜ ਬਣਾ ਦਿਆਂਗਾ, ਉਹ ਸ਼ਹਿਰ ਜਿਹਨਾਂ ਵਿੱਚ ਕੋਈ ਨਹੀਂ ਵੱਸਦਾ।
7 ਮੈਂ ਤੇਰੇ ਵਿਰੁੱਧ ਨਾਸ ਕਰਨ ਵਾਲਿਆਂ ਨੂੰ ਤਿਆਰ ਕਰਾਂਗਾ, ਹਰ ਮਨੁੱਖ ਆਪਣੇ ਸ਼ਸਤਰਾਂ ਨਾਲ, ਉਹ ਤੇਰੇ ਚੁਗਵੇਂ ਦਿਆਰਾਂ ਨੂੰ ਵੱਢਣਗੇ, ਅਤੇ ਉਹਨਾਂ ਨੂੰ ਅੱਗ ਉੱਤੇ ਸੁੱਟਣਗੇ।
8 ਬਹੁਤ ਸਾਰੀਆਂ ਕੌਮਾਂ ਇਸ ਸ਼ਹਿਰ ਦੇ ਕੋਲ ਦੀ ਲੰਘਣਗੀਆਂ ਅਤੇ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਖੇਗਾ, ਯਹੋਵਾਹ ਨੇ ਇਸ ਵੱਡੇ ਸ਼ਹਿਰ ਨਾਲ ਐਉਂ ਕਿਉਂ ਕੀਤਾ?
9 ਤਾਂ ਉਹ ਆਖਣਗੇ, ਇਸ ਲਈ ਕਿ ਉਹਨਾਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਛੱਡ ਦਿੱਤਾ ਅਤੇ ਦੂਜੇ ਦੇਵਤਿਆਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੀ ਪੂਜਾ ਕੀਤੀ।
ਯਹੋਅਹਾਜ਼ ਦੇ ਬਾਰੇ ਯਿਰਮਿਯਾਹ ਦਾ ਸੰਦੇਸ਼
10 ਤੁਸੀਂ ਮੋਏ ਹੋਏ ਲਈ ਨਾ ਰੋਵੋ, ਨਾ ਮਾਤਮ ਕਰੋ, ਪਰ ਜਿਹੜਾ ਤੁਰਿਆ ਜਾਂਦਾ ਹੈ, ਉਹ ਦੇ ਲਈ ਧਾਹਾਂ ਮਾਰ-ਮਾਰ ਕੇ ਰੋਵੋ, ਕਿਉਂ ਜੋ ਉਹ ਫਿਰ ਨਹੀਂ ਮੁੜੇਗਾ, ਨਾ ਆਪਣੀ ਜਨਮ ਭੂਮੀ ਨੂੰ ਵੇਖੇਗਾ।
11 ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਸ਼ੱਲੂਮ ਦੇ ਬਾਰੇ ਜਿਹਨੇ ਆਪਣੇ ਪਿਤਾ ਯੋਸ਼ੀਯਾਹ ਦੇ ਥਾਂ ਰਾਜ ਕੀਤਾ ਅਤੇ ਇਸ ਥਾਂ ਤੋਂ ਤੁਰ ਗਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ ਭਈ ਉਹ ਇੱਧਰ ਫਿਰ ਨਾ ਆਵੇਗਾ
12 ਪਰ ਜਿੱਥੇ ਉਹ ਨੂੰ ਗ਼ੁਲਾਮ ਕਰਕੇ ਲੈ ਗਏ ਹਨ ਉੱਥੇ ਉਹ ਮਰੇਗਾ ਅਤੇ ਇਸ ਦੇਸ ਨੂੰ ਉਹ ਫਿਰ ਨਾ ਵੇਖੇਗਾ।
ਯਹੋਯਾਕੀਮ ਦੇ ਬਾਰੇ ਯਿਰਮਿਯਾਹ ਦਾ ਸੰਦੇਸ਼
13 ਹਾਏ ਉਹ ਦੇ ਉੱਤੇ ਜਿਹੜਾ ਆਪਣੇ ਘਰ ਨੂੰ ਕੁਧਰਮ ਨਾਲ ਅਤੇ ਉਹ ਦੇ ਉੱਪਰਲੀਆਂ ਕੋਠੜੀਆਂ ਬਿਨਾਂ ਨਿਆਂ ਦੇ ਬਣਾਉਂਦਾ ਹੈ! ਜਿਹੜਾ ਆਪਣੇ ਗੁਆਂਢੀ ਤੋਂ ਬੇਗਾਰ ਲੈਂਦਾ ਹੈ, ਅਤੇ ਉਸ ਦੀ ਮਿਹਨਤ ਦਾ ਮੁੱਲ ਨਹੀਂ ਦਿੰਦਾ।
14 ਉਹ ਆਖਦਾ ਹੈ, ਮੈਂ ਆਪਣੇ ਲਈ ਇੱਕ ਵੱਡਾ ਘਰ ਬਣਾਵਾਂਗਾ, ਅਤੇ ਹਵਾਦਾਰ ਚੁਬਾਰੇ ਵੀ, ਅਤੇ ਉਹ ਦੇ ਵਿੱਚ ਛੇਕ ਕਰਕੇ ਤਾਕੀਆਂ ਲਾਉਂਦਾ ਹੈ, ਅਤੇ ਉਹ ਦੀ ਦਿਆਰ ਦੀ ਛੱਤ ਬਣਾਉਂਦਾ ਹੈ, ਉਹ ਨੂੰ ਸਿੰਗਰਫ਼ੀ ਰੰਗ ਨਾਲ ਰੰਗਦਾ ਹੈ।
15 ਕੀ ਤੂੰ ਇਸ ਲਈ ਰਾਜ ਕਰੇਂਗਾ, ਭਈ ਤੈਨੂੰ ਦਿਆਰ ਦੇ ਕੰਮ ਦਾ ਚਾਅ ਹੈ? ਕੀ ਤੇਰੇ ਪਿਤਾ ਨੇ ਨਹੀਂ ਖਾਧਾ ਪੀਤਾ, ਅਤੇ ਨਿਆਂ ਅਤੇ ਧਰਮ ਨਹੀਂ ਕੀਤਾ? ਤਦ ਹੀ ਉਹ ਦਾ ਭਲਾ ਹੋਇਆ।
16 ਉਸ ਮਸਕੀਨ ਅਤੇ ਕੰਗਾਲ ਦਾ ਇਨਸਾਫ਼ ਕੀਤਾ, ਤਦ ਹੀ ਉਹ ਦਾ ਭਲਾ ਹੋਇਆ। ਕੀ ਇਹ ਮੇਰਾ ਗਿਆਨ ਨਹੀਂ ਹੈ? ਯਹੋਵਾਹ ਦਾ ਵਾਕ ਹੈ।
17 ਤੇਰਾ ਦਿਲ ਅਤੇ ਤੇਰੀਆਂ ਅੱਖੀਆਂ ਕੇਵਲ ਨਹੱਕੇ ਲੋਭ ਉੱਤੇ, ਬੇਦੋਸ਼ਿਆਂ ਦਾ ਲਹੂ ਵਹਾਉਣ ਉੱਤੇ, ਜ਼ੁਲਮ ਅਤੇ ਸਖ਼ਤੀ ਕਰਨ ਉੱਤੇ ਲੱਗੀਆਂ ਹਨ!।
18 ਇਸ ਲਈ ਯਹੋਵਾਹ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ, - ਉਹ ਦੇ ਉੱਤੇ ਉਹ ਇਹ ਆਖ ਕੇ ਸੋਗ ਨਾ ਕਰਨਗੇ, ਹਾਏ ਮੇਰੇ ਭਰਾ! ਜਾਂ ਹਾਏ ਮੇਰੀ ਭੈਣ! ਨਾ ਉਹ ਦੇ ਉੱਤੇ ਇਹ ਆਖ ਕੇ ਸੋਗ ਕਰਨਗੇ, ਹਾਏ ਮਾਲਕ! ਹਾਏ ਮਹਾਰਾਜ!
19 ਉਹ ਦਾ ਦਫ਼ਨਾਉਣਾ ਗਧੇ ਦੇ ਦਫ਼ਨਾਉਣ ਜਿਹਾ ਹੋਵੇਗਾ, ਉਹ ਨੂੰ ਧੂ ਕੇ ਯਰੂਸ਼ਲਮ ਦੇ ਫਾਟਕਾਂ ਤੋਂ ਬਾਹਰ ਸੁੱਟ ਦੇਣਗੇ।
ਯਰੂਸ਼ਲਮ ਦੇ ਬਾਰੇ ਯਿਰਮਿਯਾਹ ਦਾ ਸੰਦੇਸ਼
20 ਲਬਾਨੋਨ ਨੂੰ ਚੜ੍ਹ ਜਾ ਅਤੇ ਚਿੱਲਾ, ਅਤੇ ਬਾਸ਼ਾਨ ਵਿੱਚ ਆਪਣੀ ਅਵਾਜ਼ ਉੱਚੀ ਕਰ, ਅਬਾਰੀਮ ਤੋਂ ਚਿੱਲਾ, ਕਿ ਤੇਰੇ ਸਾਰੇ ਪ੍ਰੇਮੀ ਭੰਨੇ ਤੋੜੇ ਗਏ ਹਨ!
21 ਮੈਂ ਤੇਰੀ ਭਾਗਵਾਨੀ ਦੇ ਵੇਲੇ ਤੇਰੇ ਨਾਲ ਬੋਲਿਆ, ਪਰ ਤੂੰ ਆਖਿਆ, ਮੈਂ ਨਾ ਸੁਣਾਂਗੀ। ਤੇਰੀ ਜੁਆਨੀ ਤੋਂ ਤੇਰਾ ਇਹੋ ਹੀ ਰਾਹ ਰਿਹਾ, ਕਿਉਂ ਜੋ ਤੂੰ ਮੇਰੀ ਅਵਾਜ਼ ਨਹੀਂ ਸੁਣੀ।
22 ਹਵਾ ਤੇਰੇ ਸਾਰੇ ਅਯਾਲੀਆਂ ਨੂੰ ਚਰਾਵੇਗੀ, ਅਤੇ ਤੇਰੇ ਪ੍ਰੇਮੀ ਕੈਦ ਵਿੱਚ ਜਾਣਗੇ। ਤਦ ਤੂੰ ਆਪਣੀ ਸਾਰੀ ਬਦੀ ਦੇ ਕਾਰਨ ਲੱਜਿਆਵਾਨ ਅਤੇ ਮੂੰਹ ਕਾਲਾ ਹੋਵੇਂਗੀ!
23 ਹੇ ਲਬਾਨੋਨ ਦਾ ਵਸਨੀਕ, ਤੂੰ ਜਿਹੜੀ ਦਿਆਰਾਂ ਵਿੱਚ ਆਪਣਾ ਆਲ੍ਹਣਾ ਬਣਾਉਂਦੀ ਹੈ, ਤੂੰ ਕਿੰਨੀ ਕੁ ਦਯਾ ਜੋਗ ਹੋਵੇਗੀ ਜਦ ਤੈਨੂੰ ਪੀੜਾਂ ਲੱਗਣਗੀਆਂ, ਜਣਨ ਵਾਲੀ ਔਰਤ ਵਾਂਗੂੰ ਪੀੜਾਂ ਲੱਗਣਗੀਆਂ!।
ਯਹੋਯਾਕੀਮ ਨੂੰ ਪਰਮੇਸ਼ੁਰ ਦੀ ਸਜ਼ਾ
24 ਯਹੋਵਾਹ ਦਾ ਵਾਕ ਹੈ ਕਿ ਮੈਨੂੰ ਜਾਨ ਦੀ ਸਹੁੰ, ਜੇਕਰ ਯਹੂਦਾਹ ਦੇ ਰਾਜਾ ਯਹੋਯਾਕੀਮ ਦਾ ਪੁੱਤਰ ਕਾਨਯਾਹ ਮੇਰੇ ਸੱਜੇ ਹੱਥ ਦੀ ਅੰਗੂਠੀ ਵੀ ਹੁੰਦੀ ਤਦ ਵੀ ਮੈਂ ਤੈਨੂੰ ਉੱਥੋਂ ਲਾਹ ਕੇ ਸੁੱਟ ਦਿੰਦਾ!
25 ਮੈਂ ਤੈਨੂੰ ਉਹਨਾਂ ਦੇ ਹੱਥ ਵਿੱਚ ਦਿਆਂਗਾ ਜਿਹੜੇ ਤੇਰੀ ਜਾਨ ਦੀ ਤਾਂਘ ਕਰਨ ਵਾਲੇ ਹਨ ਅਤੇ ਉਹਨਾਂ ਦੇ ਹੱਥ ਵਿੱਚ ਜਿਹਨਾਂ ਤੋਂ ਤੂੰ ਡਰਦਾ ਹੈ ਅਰਥਾਤ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਅਤੇ ਕਸਦੀਆਂ ਦੇ ਹੱਥ ਵਿੱਚ
26 ਮੈਂ ਤੈਨੂੰ ਅਤੇ ਤੇਰੀ ਮਾਤਾ ਨੂੰ ਜਿਸ ਤੈਨੂੰ ਜਣਿਆ ਦੂਜੇ ਦੇਸ ਵਿੱਚ ਜਿੱਥੇ ਤੁਸੀਂ ਨਹੀਂ ਜੰਮੇ ਕੱਢ ਦਿਆਂਗਾ। ਉੱਥੇ ਤੁਸੀਂ ਮਰ ਜਾਓਗੇ
27 ਪਰ ਉਸ ਦੇਸ ਨੂੰ ਜਿੱਥੇ ਉਹਨਾਂ ਦਾ ਜੀ ਮੁੜਨ ਨੂੰ ਚਾਹੁੰਦਾ ਹੈ ਉੱਥੇ ਫਿਰ ਨਾ ਮੁੜਨਗੇ।
28 ਕੀ ਇਹ ਮਨੁੱਖ ਕਾਨਯਾਹ ਇੱਕ ਨਖਿੱਧ ਟੁੱਟਾ ਭਾਂਡਾ ਹੈ, ਇੱਕ ਭਾਂਡਾ ਜਿਸ ਤੋਂ ਕੋਈ ਖੁਸ਼ ਨਹੀਂ? ਉਹ ਅਤੇ ਉਹ ਦੀ ਨਸਲ ਕਿਉਂ ਕੱਢੇ ਗਏ ਹਨ, ਅਤੇ ਉਸ ਦੇਸ ਵਿੱਚ ਸੁੱਟੇ ਗਏ ਜਿਸ ਨੂੰ ਉਹ ਨਹੀਂ ਜਾਣਦੇ?
29 ਹੇ ਧਰਤੀ, ਹੇ ਧਰਤੀ, ਹੇ ਧਰਤੀ! ਯਹੋਵਾਹ ਦਾ ਬਚਨ ਸੁਣ!
30 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸ ਮਨੁੱਖ ਨੂੰ ਔਂਤਰਾ ਲਿਖੋ, ਇੱਕ ਮਰਦ ਜਿਹੜਾ ਆਪਣੇ ਦਿਨਾਂ ਵਿੱਚ ਸਫ਼ਲ ਨਾ ਹੋਵੇਗਾ, ਨਾ ਹੀ ਉਸ ਦੀ ਨਸਲ ਵਿੱਚੋਂ ਕੋਈ ਸਫ਼ਲ ਹੋਵੇਗਾ, ਭਈ ਦਾਊਦ ਦੇ ਸਿੰਘਾਸਣ ਉੱਤੇ ਬੈਠੇ, ਅਤੇ ਯਹੂਦਾਹ ਉੱਤੇ ਫਿਰ ਰਾਜ ਕਰੇ।