9
ਗਿਬਓਨੀਆਂ ਦਾ ਧੋਖਾ
1 ਇਸ ਤਰ੍ਹਾਂ ਹੋਇਆ ਕਿ ਜਦ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਸਾਰੇ ਰਾਜਿਆਂ ਨੇ ਸੁਣਿਆ ਜਿਹੜੇ ਯਰਦਨ ਤੋਂ ਪਾਰ ਪਰਬਤ ਵਿੱਚ ਅਤੇ ਹਠਾੜ ਉੱਤੇ ਅਤੇ ਵੱਡੇ ਸਮੁੰਦਰ ਦੇ ਸਾਰੇ ਕੰਢਿਆਂ ਉੱਤੇ ਲਬਾਨੋਨ ਦੇ ਸਾਹਮਣੇ ਸਨ।
2 ਤਦ ਉਹਨਾਂ ਨੇ ਇੱਕ ਮਨ ਹੋ ਕੇ ਆਪਣੇ ਆਪ ਨੂੰ ਯਹੋਸ਼ੁਆ ਅਤੇ ਇਸਰਾਏਲ ਦੇ ਨਾਲ ਯੁੱਧ ਕਰਨ ਲਈ ਇਕੱਠਾ ਕੀਤਾ।
3 ਗਿਬਓਨ ਦੇ ਵਸਨੀਕਾਂ ਨੇ ਸੁਣਿਆ ਜੋ ਕੁਝ ਯਹੋਸ਼ੁਆ ਨੇ ਯਰੀਹੋ ਅਤੇ ਅਈ ਨਾਲ ਕੀਤਾ ਸੀ।
4 ਉਹਨਾਂ ਨੇ ਵੀ ਇੱਕ ਛਲ ਕੀਤਾ ਅਤੇ ਉਹ ਆ ਕੇ ਆਪਣੇ ਆਪ ਨੂੰ ਸੰਦੇਸ਼ਵਾਹਕ ਬਣਾ ਬੈਠੇ ਅਤੇ ਉਹਨਾਂ ਨੇ ਹੰਢੀਆਂ ਹੋਈਆਂ ਗੂਣਾਂ ਆਪਣੇ ਗਧਿਆਂ ਲਈ ਲਈਆਂ ਅਤੇ ਪੁਰਾਣੀਆਂ ਪਾਟੀਆਂ ਹੋਈਆਂ ਗੰਢ ਲੱਗੀਆਂ ਹੋਈਆਂ ਮਧ ਦੀਆਂ ਮਸ਼ਕਾਂ ਲੈ ਲਈਆਂ।
5 ਅਤੇ ਫਟੇ ਪੁਰਾਣੇ ਜੁੱਤੇ ਆਪਣੇ ਪੈਰੀਂ ਪਾ ਲਏ ਅਤੇ ਹੰਢੇ ਹੋਏ ਕੱਪੜੇ ਆਪਣੇ ਉੱਤੇ ਲੈ ਲਏ ਅਤੇ ਉਹਨਾਂ ਦੀ ਰਸਤ ਦੀ ਸਾਰੀ ਰੋਟੀ ਸੁੱਕੀ ਹੋਈ ਅਤੇ ਉੱਲੀ ਲੱਗੀ ਹੋਈ ਸੀ।
6 ਉਹ ਯਹੋਸ਼ੁਆ ਦੇ ਕੋਲ ਗਿਲਗਾਲ ਦੇ ਡੇਰੇ ਵਿੱਚ ਆਏ ਤਾਂ ਉਹਨਾਂ ਨੇ ਉਸ ਨੂੰ ਅਤੇ ਇਸਰਾਏਲ ਦੇ ਮਨੁੱਖਾਂ ਨੂੰ ਆਖਿਆ ਕਿ ਅਸੀਂ ਦੂਰ ਦੇਸ ਤੋਂ ਆਏ ਹਾਂ ਹੁਣ ਤੁਸੀਂ ਸਾਡੇ ਨਾਲ ਨੇਮ ਬੰਨ੍ਹੋ।
7 ਇਸਰਾਏਲ ਦੇ ਮਨੁੱਖਾਂ ਨੇ ਉਹਨਾਂ ਹਿੱਵੀਆਂ ਨੂੰ ਆਖਿਆ, ਸ਼ਾਇਦ ਤੁਸੀਂ ਸਾਡੇ ਵਿੱਚ ਹੀ ਵੱਸਦੇ ਹੋ ਤਾਂ ਅਸੀਂ ਤੁਹਾਡੇ ਨਾਲ ਨੇਮ ਕਿਵੇਂ ਬੰਨ੍ਹ ਲਈਏ?
8 ਫਿਰ ਉਹਨਾਂ ਨੇ ਯਹੋਸ਼ੁਆ ਨੇ ਆਖਿਆ, ਅਸੀਂ ਤਾਂ ਤੁਹਾਡੇ ਦਾਸ ਹਾਂ ਤਾਂ ਯਹੋਸ਼ੁਆ ਨੇ ਉਹਨਾਂ ਨੂੰ ਆਖਿਆ, ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ?
9 ਉਹਨਾਂ ਨੇ ਆਖਿਆ, ਤੁਹਾਡੇ ਦਾਸ ਇੱਕ ਬਹੁਤ ਦੂਰ ਦੇਸ ਤੋਂ ਤੁਹਾਡੇ ਪਰਮੇਸ਼ੁਰ ਦੇ ਨਾਮ ਦੇ ਕਾਰਨ ਆਏ ਹਨ ਕਿਉਂ ਜੋ ਅਸੀਂ ਉਹ ਦੀ ਧੁੰਮ ਸੁਣੀ ਹੈ ਨਾਲੇ ਜੋ ਕੁਝ ਉਹ ਨੇ ਮਿਸਰ ਵਿੱਚ ਕੀਤਾ।
10 ਅਤੇ ਜੋ ਕੁਝ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਜਿਹੜੇ ਯਰਦਨ ਦੇ ਪਾਰ ਸਨ ਕੀਤਾ ਅਰਥਾਤ ਸੀਹੋਨ ਹਸ਼ਬੋਨ ਦੇ ਰਾਜੇ ਅਤੇ ਓਗ ਬਾਸ਼ਾਨ ਦੇ ਰਾਜੇ ਨਾਲ ਜਿਹੜੇ ਅਸ਼ਤਾਰੋਥ ਵਿੱਚ ਸਨ।
11 ਤਦ ਸਾਡੇ ਬਜ਼ੁਰਗਾਂ ਅਤੇ ਸਾਡੇ ਦੇਸ ਦੇ ਸਾਰੇ ਵਸਨੀਕਾਂ ਨੇ ਸਾਨੂੰ ਆਖਿਆ ਕਿ ਆਪਣੇ ਹੱਥ ਵਿੱਚ ਰਸਤ ਲੈ ਕੇ ਉਹਨਾਂ ਦੇ ਮਿਲਣ ਲਈ ਜਾਓ ਅਤੇ ਉਹਨਾਂ ਨੂੰ ਆਖੋ ਕਿ ਅਸੀਂ ਤੁਹਾਡੇ ਦਾਸ ਹਾਂ ਸੋ ਹੁਣ ਸਾਡੇ ਨਾਲ ਇੱਕ ਨੇਮ ਬੰਨ੍ਹੋ।
12 ਇਹ ਸਾਡੀ ਰੋਟੀ ਅਸੀਂ ਆਪਣੇ ਖਾਣ ਲਈ ਆਪਣਿਆਂ ਘਰਾਂ ਤੋਂ ਗਰਮ-ਗਰਮ ਲਈ ਸੀ ਜਿਸ ਦਿਨ ਅਸੀਂ ਤੁਹਾਡੇ ਕੋਲ ਆਉਣ ਲਈ ਨਿੱਕਲੇ, ਪਰ ਹੁਣ ਵੇਖੋ ਉਹ ਸੁੱਕੀ ਅਤੇ ਉੱਲੀ ਲੱਗੀ ਹੋਈ ਹੈ।
13 ਅਤੇ ਇਹ ਮਧ ਦੀਆਂ ਮਸ਼ਕਾਂ ਜਿਹੜੀਆਂ ਅਸੀਂ ਭਰੀਆਂ ਨਵੀਆਂ ਸਨ ਪਰ ਹੁਣ ਵੇਖੋ ਉਹ ਪਾਟ ਗਈਆਂ ਹਨ ਅਤੇ ਸਾਡੇ ਕੱਪੜੇ ਅਤੇ ਜੁੱਤੇ ਇਸ ਵੱਡੇ ਲੰਮੇ ਸਫ਼ਰ ਨਾਲ ਹੰਢ ਗਏ ਹਨ।
14 ਤਾਂ ਉਹਨਾਂ ਮਨੁੱਖਾਂ ਨੇ ਉਹਨਾਂ ਦੀ ਰਸਤ ਤੋਂ ਲਿਆ ਪਰ ਉਹਨਾਂ ਨੇ ਯਹੋਵਾਹ ਦੀ ਸਲਾਹ ਨਾ ਲਈ।
15 ਉਸ ਤੋਂ ਬਾਅਦ ਯਹੋਸ਼ੁਆ ਨੇ ਉਹਨਾਂ ਨਾਲ ਸੁਲਾਹ ਕਰ ਲਈ ਅਤੇ ਉਹਨਾਂ ਨਾਲ ਜੀਵਨ ਦਾ ਨੇਮ ਬੰਨ੍ਹਿਆ ਅਤੇ ਮੰਡਲੀ ਦੇ ਪ੍ਰਧਾਨਾਂ ਨੇ ਉਹਨਾਂ ਨਾਲ ਸਹੁੰ ਖਾਧੀ।
16 ਤਾਂ ਇਸ ਤਰ੍ਹਾਂ ਹੋਇਆ ਕਿ ਉਹਨਾਂ ਦੇ ਨੇਮ ਬੰਨ੍ਹਣ ਦੇ ਤਿੰਨ ਦਿਨ ਮਗਰੋਂ ਉਹਨਾਂ ਨੇ ਸੁਣਿਆ ਕਿ ਉਹ ਉਹਨਾਂ ਦੇ ਗੁਆਂਢੀ ਹਨ ਅਤੇ ਉਹਨਾਂ ਦੇ ਵਿੱਚ ਹੀ ਵੱਸਦੇ ਹਨ।
17 ਤਾਂ ਇਸਰਾਏਲੀਆਂ ਨੇ ਕੂਚ ਕੀਤਾ ਅਤੇ ਤੀਜੇ ਦਿਨ ਉਹਨਾਂ ਦੇ ਸ਼ਹਿਰ ਵਿੱਚ ਆ ਗਏ ਅਤੇ ਉਹਨਾਂ ਦੇ ਸ਼ਹਿਰ ਗਿਬਓਨ, ਕਫ਼ੀਰਾਹ, ਬਏਰੋਥ ਅਤੇ ਕਿਰਯਥ-ਯਾਰੀਮ ਸਨ।
18 ਇਸਰਾਏਲੀਆਂ ਨੇ ਉਹਨਾਂ ਨੂੰ ਨਹੀਂ ਮਾਰਿਆ, ਕਿਉਂ ਜੋ ਸਭਾ ਦੇ ਪ੍ਰਧਾਨਾਂ ਨੇ ਉਹਨਾਂ ਨਾਲ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾਧੀ ਸੀ ਅਤੇ ਸਾਰੀ ਸਭਾ ਪ੍ਰਧਾਨਾਂ ਦੇ ਵਿਰੁੱਧ ਬੁੜ-ਬੁੜਾਉਣ ਲੱਗ ਪਈ।
19 ਪਰ ਸਾਰਿਆਂ ਪ੍ਰਧਾਨਾਂ ਨੇ ਸਾਰੀ ਸਭਾ ਨੂੰ ਆਖਿਆ ਕਿ ਅਸੀਂ ਉਹਨਾਂ ਨਾਲ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾਧੀ ਹੈ ਇਸ ਲਈ ਅਸੀਂ ਉਹਨਾਂ ਨੂੰ ਹੱਥ ਨਹੀਂ ਲਾ ਸਕਦੇ।
20 ਅਸੀਂ ਉਹਨਾਂ ਲਈ ਇਹ ਕਰਾਂਗੇ ਕਿ ਅਸੀਂ ਉਹਨਾਂ ਨੂੰ ਜੀਉਂਦੇ ਰਹਿਣ ਦੇਈਏ ਮਤੇ ਸਾਡੇ ਉੱਤੇ ਇਸ ਸਹੁੰ ਦੇ ਨਾਲ ਕ੍ਰੋਧ ਆ ਪਵੇ ਜਿਹੜੀ ਅਸੀਂ ਉਹਨਾਂ ਦੇ ਨਾਲ ਖਾਧੀ ਹੈ।
21 ਪ੍ਰਧਾਨਾਂ ਨੇ ਉਹਨਾਂ ਨੂੰ ਆਖਿਆ, ਉਹਨਾਂ ਨੂੰ ਜੀਉਂਦੇ ਰਹਿਣ ਦਿਓ ਤਾਂ ਜੋ ਉਹ ਸਾਰੀ ਸਭਾ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲੇ ਹੋਣ ਜਿਵੇਂ ਪ੍ਰਧਾਨਾਂ ਨੇ ਉਹਨਾਂ ਨਾਲ ਗੱਲ ਕੀਤੀ ਸੀ।
22 ਯਹੋਸ਼ੁਆ ਨੇ ਉਹਨਾਂ ਨੂੰ ਬੁਲਾ ਕੇ ਆਖਿਆ ਕਿ ਤੁਸੀਂ ਸਾਨੂੰ ਇਹ ਆਖ ਕੇ ਧੋਖਾ ਦਿੱਤਾ ਕਿ ਅਸੀਂ ਤੁਹਾਥੋਂ ਬਹੁਤ ਦੂਰ ਦੇਸ ਦੇ ਹਾਂ ਜਦ ਕਿ ਤੁਸੀਂ ਸਾਡੇ ਵਿੱਚ ਹੀ ਵੱਸਦੇ ਹੋ।
23 ਹੁਣ ਤੁਸੀਂ ਸਰਾਪੀ ਹੋ ਅਤੇ ਤੁਹਾਡੇ ਵਿੱਚੋਂ ਕੋਈ ਵੀ ਅਜਿਹਾ ਨਾ ਰਹੇਗਾ ਜਿਹੜਾ ਗ਼ੁਲਾਮ ਅਰਥਾਤ ਮੇਰੇ ਪਰਮੇਸ਼ੁਰ ਦੇ ਘਰ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲਾ ਨਾ ਹੋਵੇ।
24 ਉਹਨਾਂ ਨੇ ਯਹੋਸ਼ੁਆ ਨੂੰ ਉੱਤਰ ਦੇ ਕੇ ਆਖਿਆ ਕਿ ਤੁਹਾਡੇ ਗੁਲਾਮਾਂ ਨੂੰ ਸੱਚ-ਮੁੱਚ ਦੱਸਿਆ ਗਿਆ ਸੀ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮੂਸਾ ਆਪਣੇ ਦਾਸ ਨੂੰ ਇਹ ਸਾਰਾ ਦੇਸ ਤੁਹਾਨੂੰ ਦੇਣ ਦਾ ਅਤੇ ਇਸ ਦੇਸ ਦੇ ਸਾਰੇ ਵਾਸੀਆਂ ਨੂੰ ਨਾਸ ਕਰਨ ਦਾ ਹੁਕਮ ਦਿੱਤਾ ਸੀ ਸੋ ਅਸੀਂ ਤੁਹਾਡੇ ਅੱਗੋਂ ਆਪਣੀਆਂ ਜਾਨਾਂ ਲਈ ਬਹੁਤ ਡਰੇ ਤਾਂ ਅਸੀਂ ਇਹ ਕੰਮ ਕੀਤਾ।
25 ਹੁਣ ਵੇਖੋ ਅਸੀਂ ਤੁਹਾਡੇ ਹੱਥ ਵਿੱਚ ਹਾਂ, ਜੋ ਵਰਤਾਵਾ ਤੁਹਾਡੀ ਨਿਗਾਹ ਵਿੱਚ ਚੰਗਾ ਅਤੇ ਠੀਕ ਹੈ ਸੋ ਸਾਡੇ ਨਾਲ ਕਰੋ।
26 ਉਸ ਨੇ ਉਹਨਾਂ ਨਾਲ ਉਹ ਕੀਤਾ ਅਤੇ ਇਸਰਾਏਲੀਆਂ ਦੇ ਹੱਥੋਂ ਉਹਨਾਂ ਨੂੰ ਬਚਾ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਨਾ ਵੱਢਿਆ।
27 ਯਹੋਸ਼ੁਆ ਨੇ ਉਸੇ ਦਿਨ ਉਹਨਾਂ ਨੂੰ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲੇ ਸਭਾ ਲਈ ਅਤੇ ਯਹੋਵਾਹ ਦੀ ਜਗਵੇਦੀ ਲਈ ਉਸੇ ਥਾਂ ਉੱਤੇ ਜਿਹੜਾ ਉਹ ਚੁਣੇ ਅੱਜ ਤੱਕ ਹੀ ਠਹਿਰਾਇਆ।