10
ਅਹਾਬ ਦੇ ਰਾਜ ਪਰਿਵਾਰ ਦਾ ਨਾਸ
1 ਸਾਮਰਿਯਾ ਵਿੱਚ ਅਹਾਬ ਦੇ ਸੱਤਰ ਪੁੱਤਰ ਸਨ, ਯੇਹੂ ਨੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਸਰਦਾਰਾਂ, ਬਜ਼ੁਰਗਾਂ ਅਤੇ ਉਨ੍ਹਾਂ ਨੂੰ ਜੋ ਅਹਾਬ ਦੇ ਪੁੱਤਰਾਂ ਨੂੰ ਪਾਲਣ ਵਾਲੇ ਸਨ, ਪੱਤਰੀਆਂ ਲਿਖ ਕੇ ਭੇਜੀਆਂ।
2 ਤੁਹਾਡੇ ਕੋਲ ਤੁਹਾਡੇ ਸੁਆਮੀ ਦੇ ਪੁੱਤਰ ਪੋਤਰੇ ਰਹਿੰਦੇ ਹਨ ਅਤੇ ਤੁਹਾਡੇ ਕੋਲ ਰੱਥ, ਘੋੜੇ, ਸ਼ਹਿਰਪਨਾਹ ਵਾਲੇ ਸ਼ਹਿਰ ਅਤੇ ਹਥਿਆਰ ਵੀ ਹਨ।
3 ਇਸ ਲਈ ਜਦ ਇਹ ਚਿੱਠੀ ਤੁਹਾਡੇ ਕੋਲ ਪਹੁੰਚੇ ਤਾਂ ਤੁਸੀਂ ਆਪਣੇ ਸੁਆਮੀ ਦੇ ਵੰਸ਼ਜਾਂ ਵਿੱਚੋਂ ਸਾਰਿਆਂ ਨਾਲੋਂ ਚੰਗੇ ਤੇ ਲਾਇਕ ਨੂੰ ਚੁਣ ਕੇ, ਉਸ ਨੂੰ ਉਸ ਦੇ ਪਿਤਾ ਦੀ ਗੱਦੀ ਉੱਤੇ ਬਿਠਾਓ ਅਤੇ ਤੁਸੀਂ ਆਪਣੇ ਸੁਆਮੀ ਦੇ ਘਰਾਣੇ ਲਈ ਯੁੱਧ ਕਰੋ।
4 ਤਦ ਉਹ ਬਹੁਤ ਡਰ ਕੇ ਆਖਣ ਲੱਗੇ, ਵੇਖੋ, ਦੋ ਰਾਜੇ ਤਾਂ ਉਸ ਦੇ ਅੱਗੇ ਖੜ੍ਹੇ ਨਾ ਹੋ ਸਕੇ ਤਾਂ ਅਸੀਂ ਕਿਵੇਂ ਖੜ੍ਹੇ ਹੋਵਾਂਗੇ?
5 ਤਦ ਉਸ ਨੇ ਜਿਹੜਾ ਘਰ ਦਾ ਮੁਖੀਆ ਅਤੇ ਜੋ ਸ਼ਹਿਰ ਉੱਤੇ ਹਾਕਮ ਸੀ, ਉਹਨਾਂ ਨੇ ਅਤੇ ਬਜ਼ੁਰਗਾਂ ਨੇ ਅਤੇ ਪਾਲਣ ਵਾਲਿਆਂ ਨੇ ਯੇਹੂ ਨੂੰ ਇਹ ਸੁਨੇਹਾ ਭੇਜਿਆ ਕਿ ਅਸੀਂ ਤਾਂ ਤੁਹਾਡੇ ਦਾਸ ਹਾਂ ਅਤੇ ਸਭ ਜੋ ਕੁਝ ਤੁਸੀਂ ਆਖੋਗੇ ਅਸੀਂ ਕਰਾਂਗੇ। ਅਸੀਂ ਕਿਸੇ ਆਦਮੀ ਨੂੰ ਰਾਜਾ ਨਹੀਂ ਬਣਾਵਾਂਗੇ। ਜੋ ਕੁਝ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਉਹ ਹੀ ਕਰੋ।
6 ਤਦ ਉਸ ਨੇ ਉਨ੍ਹਾਂ ਨੂੰ ਦੂਜੀ ਚਿੱਠੀ ਵਿੱਚ ਇਹ ਲਿਖਿਆ, ਜੋ ਤੁਸੀਂ ਮੇਰੇ ਹੋ ਅਤੇ ਮੇਰੀ ਅਵਾਜ਼ ਨੂੰ ਸੁਣਨਾ ਚਾਹੁੰਦੇ ਹੋ ਤਾਂ ਉਨ੍ਹਾਂ ਮਨੁੱਖਾਂ ਦੇ ਜੋ ਤੁਹਾਡੇ ਸੁਆਮੀ ਦੇ ਪੁੱਤਰ ਹਨ, ਸਿਰ ਲਾਹ ਛੱਡੋ ਅਤੇ ਕੱਲ ਇਸੇ ਕੁਵੇਲੇ ਮੇਰੇ ਕੋਲ ਯਿਜ਼ਰਏਲ ਵਿੱਚ ਆ ਜਾਓ। ਹੁਣ ਰਾਜਾ ਦੇ ਪੁੱਤਰ ਜੋ ਸੱਤਰ ਪ੍ਰਾਣੀ ਸਨ, ਸ਼ਹਿਰ ਦੇ ਉਨ੍ਹਾਂ ਮਹਾਂ ਪੁਰਸ਼ਾਂ ਦੇ ਨਾਲ ਸਨ ਜੋ ਉਨ੍ਹਾਂ ਨੂੰ ਪਾਲਦੇ ਸਨ।
7 ਅਜਿਹਾ ਹੋਇਆ ਕਿ ਜਦ ਚਿੱਠੀ ਉਨ੍ਹਾਂ ਕੋਲ ਪਹੁੰਚੀ ਉਨ੍ਹਾਂ ਨੇ ਰਾਜਾ ਦੇ ਪੁੱਤਰਾਂ ਨੂੰ ਅਰਥਾਤ ਸੱਤਰਾਂ ਜਣਿਆਂ ਨੂੰ ਫੜ੍ਹ ਕੇ ਮਾਰ ਛੱਡਿਆ ਅਤੇ ਉਨ੍ਹਾਂ ਦੇ ਸਿਰਾਂ ਨੂੰ ਟੋਕਰਿਆਂ ਵਿੱਚ ਪਾ ਕੇ ਉਹ ਦੇ ਕੋਲ ਯਿਜ਼ਰਏਲ ਵਿੱਚ ਭੇਜ ਦਿੱਤਾ।
8 ਤਦ ਇੱਕ ਸੰਦੇਸ਼ਵਾਹਕ ਨੇ ਆ ਕੇ ਉਸ ਨੂੰ ਦੱਸਿਆ ਕਿ ਉਹ ਰਾਜਾ ਦੇ ਪੁੱਤਰਾਂ ਦੇ ਸਿਰ ਲਿਆਏ ਹਨ ਅਤੇ ਉਸ ਨੇ ਆਖਿਆ, ਉਨ੍ਹਾਂ ਦੇ ਦੋ ਢੇਰ ਲਾ ਕੇ ਕੱਲ ਸਵੇਰ ਤੱਕ ਫਾਟਕ ਦੇ ਕੋਲ ਰੱਖੋ।
9 ਅਜਿਹਾ ਹੋਇਆ ਕਿ ਸਵੇਰ ਨੂੰ ਉਹ ਬਾਹਰ ਨਿੱਕਲ ਕੇ ਖੜ੍ਹਾ ਹੋ ਗਿਆ ਅਤੇ ਸਾਰਿਆਂ ਲੋਕਾਂ ਨੂੰ ਆਖਣ ਲੱਗਾ, ਤੁਸੀਂ ਧਰਮੀ ਹੋ। ਵੇਖੋ, ਮੈਂ ਆਪਣੇ ਸੁਆਮੀ ਦੇ ਵਿਰੁੱਧ ਯੋਜਨਾ ਬਣਾਈ ਅਤੇ ਉਸ ਨੂੰ ਮਾਰ ਛੱਡਿਆ ਪਰ ਇਨ੍ਹਾਂ ਸਾਰਿਆਂ ਨੂੰ ਕਿਸ ਨੇ ਮਾਰਿਆ?
10 ਹੁਣ ਤੁਸੀਂ ਜਾਣ ਲਓ ਕਿ ਜੋ ਗੱਲ ਯਹੋਵਾਹ ਨੇ ਅਹਾਬ ਦੇ ਘਰਾਣੇ ਬਾਰੇ ਆਖੀ ਕਿ ਉਹ ਖਾਲੀ ਨਾ ਜਾਵੇਗੀ ਪਰ ਯਹੋਵਾਹ ਨੇ ਉਹ ਕੁਝ ਕੀਤਾ ਹੈ ਜੋ ਉਸ ਨੇ ਆਪਣੇ ਦਾਸ ਏਲੀਯਾਹ ਦੇ ਰਾਹੀਂ ਆਖਿਆ ਸੀ।
11 ਤਦ ਯੇਹੂ ਨੇ ਉਨ੍ਹਾਂ ਸਾਰਿਆਂ ਨੂੰ ਜੋ ਅਹਾਬ ਦੇ ਘਰਾਣੇ ਦੇ ਯਿਜ਼ਰਏਲ ਵਿੱਚ ਬਾਕੀ ਰਹੇ ਸਨ, ਉਹ ਦੇ ਸਾਰੇ ਮਹਾਂ ਪੁਰਸ਼ਾਂ, ਉਹ ਦੇ ਜਾਣ ਪਛਾਣਾਂ ਅਤੇ ਉਹ ਦੇ ਜਾਜਕਾਂ ਨੂੰ ਮਾਰ ਸੁੱਟਿਆ ਇੱਥੋਂ ਤੱਕ ਕਿ ਉਨ੍ਹਾਂ ਵਿੱਚੋਂ ਕੋਈ ਬਾਕੀ ਨਾ ਰਿਹਾ।
ਰਾਜਾ ਅਹਜ਼ਯਾਹ ਦੇ ਰਿਸ਼ਤੇਦਾਰਾਂ ਦਾ ਕਤਲ
12 ਤਦ ਉਹ ਉੱਠ ਕੇ ਸਾਮਰਿਯਾ ਨੂੰ ਤੁਰ ਪਿਆ। ਉਹ ਅਯਾਲੀਆਂ ਦੀ ਉੱਨ ਕਤਰਣ ਵਾਲੀ ਥਾਂ ਵਿੱਚ ਰਾਹ ਦੇ ਉੱਤੇ ਸੀ।
13 ਅਤੇ ਉੱਥੇ ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਭਰਾ ਯੇਹੂ ਨੂੰ ਮਿਲ ਪਏ ਅਤੇ ਉਹ ਬੋਲਿਆ ਤੁਸੀਂ ਕੌਣ ਹੋ? ਅੱਗੋਂ ਉਹ ਬੋਲੇ, ਅਸੀਂ ਅਹਜ਼ਯਾਹ ਦੇ ਭਰਾ ਹਾਂ ਅਸੀਂ ਰਾਜਾ ਦੇ ਪੁੱਤਰਾਂ ਅਤੇ ਰਾਣੀ ਦੇ ਪੁੱਤਰਾਂ ਨੂੰ ਸੁੱਖ-ਸਾਂਦ ਪੁੱਛਣ ਚੱਲੇ ਹਾਂ।
14 ਤਦ ਉਸ ਨੇ ਆਖਿਆ, ਉਨ੍ਹਾਂ ਨੂੰ ਜੀਉਂਦੇ ਫੜ ਲਵੋ। ਉਨ੍ਹਾਂ ਨੇ ਉਹਨਾਂ ਨੂੰ ਜੀਉਂਦੇ ਫੜ ਲਿਆ ਅਤੇ ਉਨ੍ਹਾਂ ਬਿਆਲੀ ਆਦਮੀਆਂ ਨੂੰ ਉੱਨ ਕਤਰਣ ਵਾਲੀ ਥਾਂ ਦੇ ਘਰ ਦੇ ਟੋਏ ਕੋਲ ਮਾਰ ਸੁੱਟਿਆ। ਉਸ ਨੇ ਉਨ੍ਹਾਂ ਵਿੱਚੋਂ ਇੱਕ ਵੀ ਮਨੁੱਖ ਨਾ ਛੱਡਿਆ।
ਅਹਾਬ ਦੇ ਹੋਰ ਰਿਸ਼ਤੇਦਾਰਾਂ ਦਾ ਕਤਲ
15 ਫੇਰ ਉਹ ਉੱਥੋਂ ਤੁਰ ਪਿਆ ਅਤੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੂੰ ਜੋ ਉਹ ਨੂੰ ਮਿਲਣ ਲਈ ਆਉਂਦਾ ਸੀ ਮਿਲਿਆ ਅਤੇ ਉਹ ਨੇ ਉਸ ਨੂੰ ਪਰਨਾਮ ਕਰ ਕੇ ਆਖਿਆ, ਕੀ ਤੇਰਾ ਮਨ ਠੀਕ ਹੈ ਜਿਵੇਂ ਮੇਰਾ ਮਨ ਤੇਰੇ ਮਨ ਦੇ ਨਾਲ ਹੈ? ਅੱਗੋਂ ਯਹੋਨਾਦਾਬ ਬੋਲਿਆ, ਠੀਕ ਹੈ। ਸੋ ਜੇ ਠੀਕ ਹੈ ਤੇ ਆਪਣਾ ਹੱਥ ਮੈਨੂੰ ਦੇ ਅਤੇ ਉਸ ਨੇ ਆਪਣਾ ਹੱਥ ਉਹ ਨੂੰ ਦਿੱਤਾ। ਤਾਂ ਉਹ ਨੇ ਉਸ ਨੂੰ ਆਪਣੇ ਰੱਥ ਉੱਤੇ ਬਿਠਾ ਲਿਆ
16 ਅਤੇ ਆਖਿਆ, ਮੇਰੇ ਨਾਲ ਚੱਲ ਤੇ ਯਹੋਵਾਹ ਦੇ ਲਈ ਮੇਰੇ ਜੋਸ਼ ਨੂੰ ਵੇਖ। ਫਿਰ ਉਨ੍ਹਾਂ ਨੇ ਉਸ ਨੂੰ ਉਹ ਦੇ ਰੱਥ ਵਿੱਚ ਬਿਠਾ ਦਿੱਤਾ।
17 ਜਦ ਉਹ ਸਾਮਰਿਯਾ ਵਿੱਚ ਆਇਆ ਤਦ ਅਹਾਬ ਦੇ ਜਿੰਨੇ ਬਚੇ-ਖੁਚੇ ਸਾਮਰਿਯਾ ਵਿੱਚ ਸਨ, ਉਨ੍ਹਾਂ ਸਭਨਾਂ ਨੂੰ ਮਾਰ ਸੁੱਟਿਆ ਇੱਥੋਂ ਤੱਕ ਕਿ ਉਸ ਨੇ ਯਹੋਵਾਹ ਦੇ ਬਚਨ ਅਨੁਸਾਰ ਜੋ ਉਸ ਨੇ ਏਲੀਯਾਹ ਨੂੰ ਆਖਿਆ ਸੀ ਉਸ ਨੂੰ ਨਸ਼ਟ ਕਰ ਛੱਡਿਆ।
ਬਆਲ ਦੇ ਪੁਜਾਰੀਆਂ ਦਾ ਕਤਲ
18 ਤਦ ਯੇਹੂ ਨੇ ਸਾਰਿਆਂ ਲੋਕਾਂ ਨੂੰ ਇਕੱਠੇ ਕੀਤਾ ਅਤੇ ਉਹਨਾਂ ਨੂੰ ਆਖਿਆ, ਅਹਾਬ ਨੇ ਬਆਲ ਦੀ ਥੋੜ੍ਹੀ ਜਿਹੀ ਉਪਾਸਨਾ ਕੀਤੀ, ਯੇਹੂ ਉਸ ਦੀ ਬਹੁਤ ਉਪਾਸਨਾ ਕਰੇਗਾ।
19 ਇਸ ਲਈ ਹੁਣ ਤੁਸੀਂ ਬਆਲ ਦੇ ਸਾਰੇ ਨਬੀਆਂ, ਸਾਰਿਆਂ ਉਪਾਸਕਾਂ ਅਤੇ ਸਾਰਿਆਂ ਪੁਜਾਰੀਆਂ ਨੂੰ ਮੇਰੇ ਕੋਲ ਬੁਲਾ ਲਿਆਓ। ਕੋਈ ਵੀ ਰਹਿ ਨਾ ਜਾਵੇ ਕਿਉਂ ਜੋ ਬਆਲ ਦੇ ਲਈ ਮੈਂ ਇੱਕ ਵੱਡੀ ਭੇਟ ਚੜ੍ਹਾਉਣੀ ਹੈ ਜੇ ਕੋਈ ਨਾ ਆਵੇ ਤਾਂ ਉਹ ਜੀਉਂਦਾ ਨਾ ਬਚੇਗਾ। ਪਰ ਯੇਹੂ ਨੇ ਬਆਲ ਦੇ ਉਪਾਸਕਾਂ ਦਾ ਨਾਸ ਕਰਨ ਲਈ ਇਹ ਧੋਖਾ ਕੀਤਾ ਸੀ।
20 ਯੇਹੂ ਨੇ ਆਖਿਆ, ਬਆਲ ਦੇ ਲਈ ਤੁਸੀਂ ਇੱਕ ਮਹਾਂ ਸਭਾ ਤਿਆਰ ਕਰੋ ਅਤੇ ਉਹਨਾਂ ਨੇ ਮੁਨਾਦੀ ਕੀਤੀ।
21 ਯੇਹੂ ਨੇ ਸਾਰੇ ਇਸਰਾਏਲ ਵਿੱਚ ਸੰਦੇਸ਼ਵਾਹਕ ਭੇਜੇ ਅਤੇ ਬਆਲ ਦੇ ਸਾਰੇ ਉਪਾਸਕ ਆਏ ਇੱਥੋਂ ਤੱਕ ਕਿ ਇੱਕ ਵੀ ਆਦਮੀ ਨਾ ਰਿਹਾ ਜਿਹੜਾ ਨਾ ਆਇਆ ਹੋਵੇ, ਉਹ ਬਆਲ ਦੇ ਮੰਦਰ ਵਿੱਚ ਪਹੁੰਚ ਗਏ ਅਤੇ ਬਆਲ ਦਾ ਮੰਦਰ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਭਰ ਗਿਆ।
22 ਤਦ ਉਹ ਨੇ ਉਸ ਨੂੰ ਜਿਹੜਾ ਕੱਪੜਿਆਂ ਦੇ ਭੰਡਾਰ ਦਾ ਮੁਖੀਆ ਸੀ ਆਖਿਆ ਕਿ ਬਆਲ ਦੇ ਸਾਰੇ ਉਪਾਸਕਾਂ ਲਈ ਕੱਪੜੇ ਕੱਢ ਲਿਆ ਅਤੇ ਉਹ ਉਨ੍ਹਾਂ ਦੇ ਲਈ ਕੱਪੜੇ ਕੱਢ ਲਿਆਇਆ।
23 ਤਦ ਯੇਹੂ ਰੇਕਾਬ ਦੇ ਪੁੱਤਰ ਯਹੋਨਾਦਾਬ ਨਾਲ ਬਆਲ ਦੇ ਮੰਦਰ ਵਿੱਚ ਪਹੁੰਚਿਆ ਅਤੇ ਉਹ ਨੇ ਬਆਲ ਦੇ ਉਪਾਸਕਾਂ ਨੂੰ ਆਖਿਆ, ਤੁਸੀਂ ਭਾਲ ਕਰੋ ਤੇ ਵੇਖੋ ਕਿ ਇੱਥੇ ਤੁਹਾਡੇ ਨਾਲ ਕੋਈ ਯਹੋਵਾਹ ਦਾ ਉਪਾਸਕ ਨਾ ਹੋਵੇ। ਕੇਵਲ ਬਆਲ ਦੇ ਹੀ ਉਪਾਸਕ ਹੋਣ।
24 ਜਦ ਉਹ ਭੇਟਾਂ ਅਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਲਈ ਅੰਦਰ ਗਏ ਤਦ ਯੇਹੂ ਨੇ ਅੱਸੀ ਆਦਮੀਆਂ ਨੂੰ ਬਾਹਰ ਠਹਿਰਾ ਕੇ ਆਖਿਆ, ਜਿਨ੍ਹਾਂ ਆਦਮੀਆਂ ਨੂੰ ਮੈਂ ਤੁਹਾਡੇ ਹੱਥਾਂ ਵਿੱਚ ਦਿੰਦਾ ਹਾਂ ਜੇ ਉਨ੍ਹਾਂ ਵਿੱਚੋਂ ਕੋਈ ਬਚ ਨਿੱਕਲੇ ਤਾਂ ਜਿਹੜਾ ਉਹ ਨੂੰ ਜਾਣ ਦੇਵੇ ਉਸ ਦੇ ਪ੍ਰਾਣ ਉਹ ਦੇ ਬਦਲੇ ਲਏ ਜਾਣਗੇ।
25 ਤਦ ਅਜਿਹਾ ਹੋਇਆ ਕਿ ਜਿਵੇਂ ਉਹ ਹੋਮ ਦੀ ਬਲੀ ਚੜ੍ਹਾ ਚੁੱਕਿਆ ਉਸੇ ਤਰ੍ਹਾਂ ਹੀ ਯੇਹੂ ਨੇ ਪਹਿਰੇਦਾਰਾਂ ਅਤੇ ਅਹੁਦੇਦਾਰਾਂ ਨੂੰ ਆਖਿਆ, ਵੜ ਜਾਓ ਅਤੇ ਉਨ੍ਹਾਂ ਨੂੰ ਮਾਰ ਦਿਓ। ਇੱਕ ਵੀ ਮਨੁੱਖ ਨਿੱਕਲ ਨਾ ਸਕੇ। ਉਹਨਾਂ ਨੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ, ਪਹਿਰੇਦਾਰਾਂ ਅਤੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਬਾਹਰ ਸੁੱਟ ਦਿੱਤਾ ਅਤੇ ਬਆਲ ਦੇ ਮੰਦਰ ਦੇ ਸ਼ਹਿਰ ਤੱਕ ਗਏ।
26 ਥੰਮ੍ਹਾਂ ਨੂੰ ਜਿਹੜੇ ਬਆਲ ਦੇ ਮੰਦਰ ਵਿੱਚ ਸਨ ਕੱਢ ਕੇ ਸਾੜ ਦਿੱਤਾ।
27 ਉਹਨਾਂ ਨੇ ਬਆਲ ਦੇ ਥੰਮ੍ਹ ਨੂੰ ਤੋੜ ਛੱਡਿਆ ਅਤੇ ਬਆਲ ਦੇ ਮੰਦਰ ਨੂੰ ਢਾਹ ਕੇ ਪਖ਼ਾਨਾ ਬਣਾ ਦਿੱਤਾ। ਉਹ ਅੱਜ ਦੇ ਦਿਨ ਤੱਕ ਉਸੇ ਤਰ੍ਹਾਂ ਹੀ ਹੈ।
28 ਇਸ ਤਰ੍ਹਾਂ ਯੇਹੂ ਨੇ ਬਆਲ ਨੂੰ ਇਸਰਾਏਲ ਵਿੱਚੋਂ ਮਿਟਾ ਦਿੱਤਾ।
29 ਤਦ ਵੀ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਯੇਹੂ ਨੇ ਮੂੰਹ ਨਾ ਮੋੜਿਆ ਅਰਥਾਤ ਉਨ੍ਹਾਂ ਨੇ ਸੋਨੇ ਦੇ ਵੱਛਿਆਂ ਦੀ ਪੂਜਾ ਕੀਤੀ ਜੋ ਬੈਤਏਲ ਦੇ ਦਾਨ ਵਿੱਚ ਸਨ।
30 ਤਦ ਯਹੋਵਾਹ ਨੇ ਯੇਹੂ ਨੂੰ ਆਖਿਆ, ਇਸ ਲਈ ਕਿ ਤੂੰ ਉਹ ਕੰਮ ਕਰਕੇ ਜੋ ਮੇਰੀ ਨਿਗਾਹ ਵਿੱਚ ਚੰਗਾ ਸੀ, ਇਹ ਭਲਿਆਈ ਕੀਤੀ ਹੈ ਅਤੇ ਅਹਾਬ ਦੇ ਘਰਾਣੇ ਨਾਲ ਮੇਰੇ ਮਨ ਦੀ ਇੱਛਾ ਅਨੁਸਾਰ ਵਰਤਾਵਾ ਕੀਤਾ, ਤੇਰੇ ਪੁੱਤਰ ਚੌਥੀ ਪੀੜ੍ਹੀ ਤੱਕ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣਗੇ।
31 ਪਰ ਯੇਹੂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਆਪਣੇ ਸਾਰੇ ਮਨ ਨਾਲ ਚੱਲਣ ਦੀ ਕੋਸ਼ਿਸ਼ ਨਾ ਕੀਤੀ, ਉਹ ਨੇ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਾ ਮੋੜਿਆ ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ।
32 ਉਨ੍ਹਾਂ ਦਿਨਾਂ ਵਿੱਚ ਯਹੋਵਾਹ ਇਸਰਾਏਲ ਨੂੰ ਘਟਾਉਣ ਲੱਗਾ ਅਤੇ ਹਜ਼ਾਏਲ ਨੇ ਉਨ੍ਹਾਂ ਨੂੰ ਇਸਰਾਏਲ ਦੀਆਂ ਸਾਰੀਆਂ ਹੱਦਾਂ ਵਿੱਚ ਮਾਰਿਆ।
33 ਯਰਦਨ ਤੋਂ ਲੈ ਕੇ ਪੂਰਬ ਵੱਲ ਗਿਲਆਦ ਦੇ ਸਾਰੇ ਦੇਸ ਵਿੱਚ ਗਾਦੀਆਂ ਤੇ ਰਊਬੇਨੀਆਂ ਤੇ ਮਨੱਸ਼ੀਆਂ ਨੂੰ ਅਰੋਏਰ ਤੋਂ ਲੈ ਕੇ ਜੋ ਅਰਨੋਨ ਦੀ ਘਾਟੀ ਦੇ ਕੋਲ ਹੈ, ਗਿਲਆਦ ਅਤੇ ਬਾਸ਼ਾਨ ਨੂੰ ਵੀ।
34 ਯੇਹੂ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਅਤੇ ਉਸ ਦੀ ਸਾਮਰਥ, ਕੀ ਉਹ ਇਸਰਾਏਲ ਦੇ ਰਾਜਿਆਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖੀ ਹੋਈ ਨਹੀਂ ਹੈ?
35 ਯੇਹੂ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਸਾਮਰਿਯਾ ਵਿੱਚ ਦੱਬਿਆ, ਉਸ ਦਾ ਪੁੱਤਰ ਯਹੋਆਹਾਜ਼ ਉਸ ਦੇ ਥਾਂ ਰਾਜ ਕਰਨ ਲੱਗਾ।
36 ਉਹ ਸਮਾਂ ਜਿਹ ਦੇ ਵਿੱਚ ਯੇਹੂ ਨੇ ਇਸਰਾਏਲ ਉੱਤੇ ਸਾਮਰਿਯਾ ਵਿੱਚ ਰਾਜ ਕੀਤਾ, ਅਠਾਈ ਸਾਲ ਦਾ ਸੀ।