9
ਬਾਰਾਂ ਚੇਲਿਆਂ ਨੂੰ ਭੇਜਣਾ
ਮੱਤੀ 10:5-15; ਮਰਕੁਸ 6:7-13
1 ਤਦ ਉਸ ਨੇ ਬਾਰਾਂ ਚੇਲਿਆਂ ਨੂੰ ਇਕੱਠੇ ਬੁਲਾ ਕੇ ਉਨ੍ਹਾਂ ਨੂੰ ਸਾਰੀਆਂ ਭੂਤਾਂ ਉੱਤੇ ਅਤੇ ਰੋਗਾਂ ਨੂੰ ਦੂਰ ਕਰਨ ਦੀ ਸਮਰੱਥਾ ਦਾ ਅਧਿਕਾਰ ਦਿੱਤਾ।
2 ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਅਤੇ ਰੋਗੀਆਂ ਨੂੰ ਚੰਗੇ ਕਰਨ ਲਈ ਭੇਜਿਆ।
3 ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਰਾਹ ਦੇ ਲਈ ਕੁਝ ਨਾ ਲਓ, ਨਾ ਲਾਠੀ, ਨਾ ਝੋਲਾ, ਨਾ ਰੋਟੀ, ਨਾ ਰੁਪਿਆ ਅਤੇ ਨਾ ਦੋ ਕੁੜਤੇ ਰੱਖੋ।
4 ਜਿਸ ਘਰ ਵਿੱਚ ਜਾਓ ਉੱਥੇ ਹੀ ਠਹਿਰੋ ਅਤੇ ਉੱਥੋਂ ਹੀ ਤੁਰੋ।
5 ਅਤੇ ਜਿਸ ਨਗਰ ਵਿੱਚ ਤੁਹਾਡਾ ਆਦਰ ਨਾ ਹੋਵੇ, ਉਸ ਨਗਰ ਨੂੰ ਛੱਡਦੇ ਸਮੇਂ ਆਪਣੇ ਪੈਰਾਂ ਦੀ ਮਿੱਟੀ ਵੀ ਉਸ ਨਗਰ ਦੇ ਲੋਕਾਂ ਉੱਤੇ ਗਵਾਹੀ ਲਈ ਝਾੜ ਦਿਓ।
6 ਤਦ ਉਹ ਬਾਹਰ ਨਿੱਕਲ ਕੇ ਪਿੰਡ-ਪਿੰਡ ਜਾ ਕੇ ਖੁਸ਼ਖਬਰੀ ਸੁਣਾਉਂਦੇ ਅਤੇ ਰੋਗਾਂ ਨੂੰ ਦੂਰ ਕਰਦੇ ਫਿਰੇ।
ਹੇਰੋਦੇਸ ਦੀ ਉਲਝਣ
ਮੱਤੀ 14:1-12; ਮਰਕੁਸ 6:14-29
7 ਸਭ ਕੁਝ ਜੋ ਹੋ ਰਿਹਾ ਸੀ, ਰਾਜਾ ਹੇਰੋਦੇਸ ਉਸ ਬਾਰੇ ਸੁਣ ਕੇ ਪਰੇਸ਼ਾਨੀ ਵਿੱਚ ਪੈ ਗਿਆ ਕਿਉਂਕਿ ਕਈ ਲੋਕ ਆਖਦੇ ਸਨ ਕਿ ਯੂਹੰਨਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ।
8 ਪਰ ਕਈਆਂ ਨੇ ਕਿਹਾ ਜੋ ਏਲੀਯਾਹ ਪਰਗਟ ਹੋਇਆ ਅਤੇ ਕਈ ਆਖਦੇ ਸਨ ਜੋ ਪਹਿਲਿਆਂ ਨਬੀਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ।
9 ਹੇਰੋਦੇਸ ਨੇ ਕਿਹਾ ਕਿ ਯੂਹੰਨਾ ਦਾ ਸਿਰ ਤਾਂ ਮੈਂ ਵਢਾ ਦਿੱਤਾ ਸੀ, ਪਰ ਇਹ ਕੌਣ ਹੈ ਜਿਸ ਦੇ ਬਾਰੇ ਵਿੱਚ ਮੈਂ ਇਹੋ ਜਿਹੀਆਂ ਗੱਲਾਂ ਸੁਣਦਾ ਹਾਂ? ਤਦ ਉਸ ਨੇ ਉਸ ਨੂੰ ਵੇਖਣ ਦਾ ਮਨ ਬਣਾਇਆ।
ਪੰਜ ਹਜ਼ਾਰ ਲੋਕਾਂ ਨੂੰ ਰਜਾਉਣਾ
ਮੱਤੀ 14:13-21; ਮਰਕੁਸ 6:30-44; ਯੂਹੰਨਾ 6:1-14
10 ਰਸੂਲਾਂ ਨੇ ਵਾਪਸ ਆ ਕੇ ਜੋ ਕੁਝ ਉਨ੍ਹਾਂ ਕੀਤਾ ਸੀ ਸੋ ਯਿਸੂ ਨੂੰ ਦੱਸਿਆ ਅਤੇ ਉਹ ਉਨ੍ਹਾਂ ਨੂੰ ਬੇਤਸੈਦਾ ਨਗਰ ਵਿੱਚ ਅਲੱਗ ਲੈ ਗਿਆ।
11 ਪਰ ਲੋਕ ਇਹ ਜਾਣ ਕੇ ਉਸ ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਨੂੰ ਕਬੂਲ ਕਰਕੇ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ ਅਤੇ ਜੋ ਬਿਮਾਰ ਸਨ ਉਨ੍ਹਾਂ ਨੂੰ ਚੰਗੇ ਕੀਤਾ।
12 ਜਦ ਦਿਨ ਢੱਲ਼ਣ ਲੱਗਾ ਤਾਂ ਉਨ੍ਹਾਂ ਬਾਰਾਂ ਨੇ ਕੋਲ ਆਣ ਕੇ ਉਸ ਨੂੰ ਆਖਿਆ ਕਿ ਭੀੜ ਨੂੰ ਵਿਦਾ ਕਰ ਜੋ ਉਹ ਆਲੇ-ਦੁਆਲੇ ਦਿਆਂ ਪਿੰਡਾਂ ਅਤੇ ਰਹਿਣ ਬਸੇਰਿਆਂ ਵਿੱਚ ਜਾ ਕੇ ਰਾਤ ਕੱਟਣ ਅਤੇ ਕੁਝ ਲੈ ਕੇ ਖਾਣ ਕਿਉਂ ਜੋ ਅਸੀਂ ਐਥੇ ਉਜਾੜ ਥਾਂ ਵਿੱਚ ਹਾਂ।
13 ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ। ਉਹ ਬੋਲੇ, ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਹੈ। ਇਹ ਹੋ ਸਕਦਾ ਜੋ ਅਸੀਂ ਜਾ ਕੇ ਇਨ੍ਹਾਂ ਸਭ ਲੋਕਾਂ ਦੇ ਲਈ ਭੋਜਨ ਮੁੱਲ ਲਿਆਈਏ। ਕਿਉਂਕਿ ਉਹ ਪੰਜ ਕੁ ਹਜ਼ਾਰ ਮਰਦ ਸਨ।
14 ਉਸ ਨੇ ਆਪਣੇ ਚੇਲਿਆਂ ਨੂੰ ਆਖਿਆ ਜੋ ਉਨ੍ਹਾਂ ਨੂੰ ਪੰਜਾਹਾਂ-ਪੰਜਾਹਾਂ ਦੀ ਟੋਲੀ ਕਰ ਕੇ ਬਿਠਾ ਦਿਓ।
15 ਤਾਂ ਉਨ੍ਹਾਂ ਉਸ ਤਰੀਕੇ ਨਾਲ ਸਭ ਨੂੰ ਬਿਠਾ ਦਿੱਤਾ।
16 ਉਸ ਨੇ ਉਹਨਾਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਨੂੰ ਲਿਆ ਅਤੇ ਉਤਾਂਹ ਸਵਰਗ ਵੱਲ ਵੇਖ ਕੇ ਉਹਨਾਂ ਉੱਤੇ ਬਰਕਤ ਮੰਗੀ ਅਤੇ ਉਹ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ ਜੋ ਲੋਕਾਂ ਅੱਗੇ ਰੱਖਣ।
17 ਜਦ ਉਹ ਸਾਰੇ ਖਾ ਕੇ ਰੱਜ ਗਏ ਅਤੇ ਉਹਨਾਂ ਦਿਆਂ ਬਚਿਆਂ ਹੋਇਆਂ ਟੁੱਕੜਿਆਂ ਦੀਆਂ ਬਾਰਾਂ ਟੋਕਰੀਆਂ ਭਰ ਕੇ ਚੁੱਕੀਆਂ ਗਈਆਂ।
ਪਤਰਸ ਯਿਸੂ ਨੂੰ “ਮਸੀਹ” ਸਵੀਕਾਰ ਕਰਦਾ ਹੈ
ਮੱਤੀ 16:13-20; ਮਰਕੁਸ 8:27-30
18 ਫੇਰ ਇਸ ਪ੍ਰਕਾਰ ਹੋਇਆ ਕਿ ਜਦ ਯਿਸੂ ਇਕਾਂਤ ਵਿੱਚ ਆਪਣੇ ਚੇਲਿਆਂ ਨਾਲ ਪ੍ਰਾਰਥਨਾ ਕਰਦਾ ਸੀ। ਉਸ ਨੇ ਇਹ ਗੱਲ ਉਹਨਾਂ ਤੋਂ ਪੁੱਛੀ ਕਿ ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ?
19 ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਕੁਝ ਲੋਕ ਯੂਹੰਨਾ ਬਪਤਿਸਮਾ ਦੇਣ ਵਾਲਾ, ਕਈ ਏਲੀਯਾਹ ਅਤੇ ਕਈ ਪਹਿਲਿਆਂ ਨਬੀਆਂ ਵਿੱਚੋਂ ਜ਼ਿੰਦਾ ਹੋਇਆ ਨਬੀ।
20 ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ? ਪਤਰਸ ਨੇ ਉੱਤਰ ਦਿੱਤਾ ਕਿ ਪਰਮੇਸ਼ੁਰ ਦੇ ਮਸੀਹ!
21 ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਜੋ ਕਿਸੇ ਨੂੰ ਨਾ ਦੱਸਿਓ!
ਯਿਸੂ ਆਪਣੀ ਮੌਤ ਦੇ ਬਾਰੇ ਭਵਿੱਖਬਾਣੀ ਕਰਦਾ ਹੈ
ਮੱਤੀ 16:21-23; ਮਰਕੁਸ 8:31-33
22 ਤਦ ਯਿਸੂ ਨੇ ਉਹਨਾਂ ਨੂੰ ਆਖਿਆ ਇਹ ਜ਼ਰੂਰੀ ਹੈ ਕਿ ਮਨੁੱਖ ਦਾ ਪੁੱਤਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਦੁਆਰਾ ਰੱਦਿਆ ਜਾਏ ਅਤੇ ਮਾਰ ਸੁੱਟਿਆ ਜਾਏ ਅਤੇ ਤੀਜੇ ਦਿਨ ਜੀ ਉੱਠੇ।
ਯਿਸੂ ਦੇ ਪਿੱਛੇ ਚੱਲਣਾ
ਮੱਤੀ 16:24-28; ਮਰਕੁਸ 8:34-9:1
23 ਉਸ ਨੇ ਸਭਨਾਂ ਨੂੰ ਆਖਿਆ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।
24 ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ।
25 ਆਦਮੀ ਨੂੰ ਕੀ ਲਾਭ ਹੈ ਜੇ ਸਾਰਾ ਸੰਸਾਰ ਕਮਾਵੇ ਪਰ ਆਪਣੀ ਜਾਨ ਦਾ ਨਾਸ ਕਰੇ ਜਾਂ ਆਪ ਨੂੰ ਗੁਆਵੇ?
26 ਜੋ ਕੋਈ ਮੇਰੇ ਕੋਲੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਤਾਂ ਮਨੁੱਖ ਦਾ ਪੁੱਤਰ ਵੀ, ਜਿਸ ਵੇਲੇ ਆਪਣੇ ਅਤੇ ਪਿਤਾ ਦੇ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਨਾਲ ਆਵੇਗਾ ਤਾਂ ਉਸ ਤੋਂ ਸ਼ਰਮਾਏਗਾl
27 ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਕਈ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ, ਜਦ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖਣ, ਮੌਤ ਦਾ ਸੁਆਦ ਨਹੀਂ ਚੱਖਣਗੇ।
ਯਿਸੂ ਦੇ ਰੂਪ ਦਾ ਜਲਾਲੀ ਹੋਣਾ
ਮੱਤੀ 17:1-8; ਮਰਕੁਸ 9:2-8
28 ਇਨ੍ਹਾਂ ਗੱਲਾਂ ਦੇ ਅੱਠ ਕੁ ਦਿਨਾਂ ਦੇ ਬਾਅਦ ਇਸ ਤਰ੍ਹਾਂ ਹੋਇਆ ਜੋ ਉਹ ਪਤਰਸ, ਯੂਹੰਨਾ ਅਤੇ ਯਾਕੂਬ ਨੂੰ ਨਾਲ ਲੈ ਕੇ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਚੜ੍ਹਿਆ।
29 ਅਤੇ ਉਸ ਦੇ ਪ੍ਰਾਰਥਨਾ ਕਰਦਿਆਂ ਉਸ ਦਾ ਚਿਹਰਾ ਬਦਲ ਗਿਆ ਅਤੇ ਉਸ ਦੀ ਪੁਸ਼ਾਕ ਚਿੱਟੀ ਅਤੇ ਚਮਕਣ ਲੱਗੀ।
30 ਅਤੇ ਵੇਖੋ, ਦੋ ਮਨੁੱਖ ਅਰਥਾਤ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਸਨ।
31 ਉਹ ਮਹਿਮਾ ਨਾਲ ਭਰਪੂਰ ਸਨ ਅਤੇ ਉਸ ਦੇ ਕੂਚ ਦੀਆਂ ਗੱਲਾਂ ਕਰਦੇ ਸਨ ਜੋ ਉਸ ਨੇ ਯਰੂਸ਼ਲਮ ਵਿੱਚ ਸੰਪੂਰਨ ਕਰਨਾ ਸੀ।
32 ਪਤਰਸ ਅਤੇ ਉਸ ਦੇ ਸਾਥੀ ਨੀਂਦਰ ਨਾਲ ਭਰੇ ਹੋਏ ਸਨ ਅਤੇ ਜਦ ਉਹ ਜਾਗੇ ਤਾਂ ਉਸ ਦੇ ਤੇਜ ਨੂੰ ਅਤੇ ਉਨ੍ਹਾਂ ਦੋਨਾਂ ਜਣਿਆਂ ਨੂੰ ਜਿਹੜੇ ਉਸ ਦੇ ਨਾਲ ਖੜੇ ਸਨ, ਵੇਖਿਆ।
33 ਅਤੇ ਇਹ ਹੋਇਆ ਕਿ ਜਦ ਉਹ ਉਸ ਦੇ ਕੋਲੋਂ ਜਾਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਆਖਿਆ, ਸੁਆਮੀ ਜੀ ਸਾਡਾ ਐਥੇ ਰਹਿਣਾ ਚੰਗਾ ਹੈ ਸੋ ਅਸੀਂ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ, ਪਰ ਉਹ ਨਹੀਂ ਸੀ ਜਾਣਦਾ ਜੋ ਕੀ ਕਹਿੰਦਾ ਹੈ।
34 ਉਹ ਇਹ ਗੱਲ ਕਰ ਹੀ ਰਿਹਾ ਹੀ ਸੀ ਕਿ ਬੱਦਲ ਨੇ ਆਣ ਕੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਉਹ ਬੱਦਲ ਵਿੱਚ ਵੜਦੇ ਹੀ ਡਰ ਗਏ।
35 ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ ਕਿ ਇਹ ਮੇਰਾ ਚੁਣਿਆ ਹੋਇਆ ਪੁੱਤਰ ਹੈ, ਉਹ ਦੀ ਸੁਣੋ।
36 ਅਤੇ ਇਹ ਅਵਾਜ਼ ਹੁੰਦੇ ਹੀ ਯਿਸੂ ਇਕੱਲਾ ਪਾਇਆ ਗਿਆ ਅਤੇ ਉਹ ਚੁੱਪ ਰਹੇ ਅਤੇ ਜਿਹੜੀਆਂ ਗੱਲਾਂ ਵੇਖੀਆਂ ਸਨ ਉਨ੍ਹਾਂ ਦਿਨਾਂ ਵਿੱਚ ਕਿਸੇ ਨੂੰ ਕੁਝ ਨਾ ਦੱਸਿਆ।
ਦੁਸ਼ਟ-ਆਤਮਾ ਦੇ ਜਕੜੇ ਹੋਏ ਬਾਲਕ ਨੂੰ ਚੰਗਾ ਕਰਨਾ
ਮੱਤੀ 17:14-18; ਮਰਕੁਸ 9:14-27
37 ਅਗਲੇ ਦਿਨ ਇਹ ਹੋਇਆ ਕਿ ਜਦ ਉਹ ਪਹਾੜੋਂ ਉਤਰੇ ਤਾਂ ਵੱਡੀ ਭੀੜ ਉਨ੍ਹਾਂ ਨੂੰ ਆ ਮਿਲੀ।
38 ਅਤੇ ਵੇਖੋ ਭੀੜ ਵਿੱਚੋਂ ਇੱਕ ਆਦਮੀ ਨੇ ਉੱਚੀ ਅਵਾਜ਼ ਦੇ ਕੇ ਕਿਹਾ, ਗੁਰੂ ਜੀ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੇ ਪੁੱਤਰ ਉੱਤੇ ਕਿਰਪਾ ਕਰੋ ਕਿਉਂਕਿ ਉਹ ਮੇਰਾ ਇੱਕਲੌਤਾ ਹੈ।
39 ਅਤੇ ਵੇਖੋ ਕਿ ਇੱਕ ਦੁਸ਼ਟ ਆਤਮਾ ਉਸ ਨੂੰ ਫੜ੍ਹਦੀ ਹੈ ਅਤੇ ਉਹ ਇਕਦਮ ਚੀਕਣ ਲੱਗ ਜਾਂਦਾ ਹੈ, ਉਹ ਉਸ ਨੂੰ ਅਜਿਹਾ ਘੁੱਟਦੀ ਹੈ ਜੋ ਉਸ ਦੇ ਮੂੰਹ ਵਿੱਚੋਂ ਝੱਗ ਆ ਜਾਂਦੀ ਅਤੇ ਉਸ ਨੂੰ ਤੋੜ ਮਰੋੜ ਕੇ ਮੁਸ਼ਕਿਲ ਨਾਲ ਛੱਡਦੀ ਹੈ।
40 ਮੈਂ ਤੇਰੇ ਚੇਲਿਆਂ ਦੇ ਅੱਗੇ ਬੇਨਤੀ ਕੀਤੀ ਜੋ ਉਸ ਨੂੰ ਕੱਢ ਦੇਣ ਪਰ ਉਹ ਕੱਢ ਨਾ ਸਕੇ।
41 ਤਦ ਯਿਸੂ ਨੇ ਉੱਤਰ ਦਿੱਤਾ, ਹੇ ਅਵਿਸ਼ਵਾਸੀ ਅਤੇ ਬੁਰੀ ਪੀੜ੍ਹੀ, ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ ਅਤੇ ਤੁਹਾਡੀ ਸਹਾਂਗਾ? ਆਪਣੇ ਪੁੱਤਰ ਨੂੰ ਮੇਰੇ ਕੋਲ ਲਿਆ।
42 ਉਹ ਅਜੇ ਆਉਂਦਾ ਹੀ ਸੀ ਕਿ ਭੂਤ ਨੇ ਉਸ ਨੂੰ ਪਟਕ ਦਿੱਤਾ ਅਤੇ ਵੱਡਾ ਮਰੋੜਿਆ ਪਰ ਯਿਸੂ ਨੇ ਉਸ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਚੰਗਾ ਕੀਤਾ ਅਤੇ ਉਸ ਨੂੰ ਉਹ ਦੇ ਪਿਤਾ ਨੂੰ ਸੌਂਪ ਦਿੱਤਾ।
ਯਿਸੂ ਦੂਸਰੀ ਬਾਰ ਆਪਣੀ ਮੌਤ ਦੇ ਬਾਰੇ ਭਵਿੱਖਬਾਣੀ ਕਰਦਾ ਹੈ
ਮੱਤੀ 17:22, 23; ਮਰਕੁਸ 9:30-32
43 ਅਤੇ ਸਭ ਪਰਮੇਸ਼ੁਰ ਦੀ ਵੱਡੀ ਸਮਰੱਥ ਤੋਂ ਹੈਰਾਨ ਹੋਏ ਅਤੇ ਉਨ੍ਹਾਂ ਸਾਰਿਆਂ ਕੰਮਾਂ ਤੋਂ ਜੋ ਉਸ ਨੇ ਕੀਤੇ ਅਚਰਜ਼ ਮੰਨਦੇ ਸਨ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,
44 ਇਨ੍ਹਾਂ ਗੱਲਾਂ ਨੂੰ ਆਪਣੇ ਕੰਨਾਂ ਨਾਲ ਸੁਣ ਲਓ ਕਿਉਂ ਜੋ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜ੍ਹਵਾਇਆ ਜਾਵੇਗਾ।
45 ਪਰ ਉਨ੍ਹਾਂ ਇਸ ਗੱਲ ਨੂੰ ਨਾ ਸਮਝਿਆ ਅਤੇ ਇਹ ਗੱਲ ਉਨ੍ਹਾਂ ਤੋਂ ਛੁਪੀ ਰਹੀ ਜੋ ਇਸ ਨੂੰ ਜਾਣ ਨਾ ਸਕਣ ਅਤੇ ਇਸ ਗੱਲ ਦੇ ਬਾਰੇ ਉਸ ਨੂੰ ਪੁੱਛਣ ਤੋਂ ਡਰਦੇ ਸਨ।
ਸਭ ਤੋਂ ਵੱਡਾ ਕੌਣ?
ਮੱਤੀ 18:1-5; ਮਰਕੁਸ 9:33-37
46 ਉਨ੍ਹਾਂ ਵਿੱਚ ਇਹ ਬਹਿਸ ਹੋਣ ਲੱਗੀ ਜੋ ਸਾਡੇ ਵਿੱਚੋਂ ਵੱਡਾ ਕੌਣ ਹੈ?
47 ਪਰ ਯਿਸੂ ਨੇ ਉਨ੍ਹਾਂ ਦੇ ਮਨਾਂ ਦੀ ਸੋਚ ਜਾਣ ਕੇ ਇੱਕ ਛੋਟੇ ਬਾਲਕ ਨੂੰ ਲਿਆ ਅਤੇ ਉਸ ਨੂੰ ਆਪਣੇ ਕੋਲ ਖੜ੍ਹਾ ਕੀਤਾ।
48 ਅਤੇ ਉਨ੍ਹਾਂ ਨੂੰ ਆਖਿਆ ਕਿ ਜੋ ਕੋਈ ਮੇਰੇ ਨਾਮ ਕਰਕੇ ਇਸ ਬਾਲਕ ਨੂੰ ਸਵੀਕਾਰ ਕਰੇ ਸੋ ਮੈਨੂੰ ਸਵੀਕਾਰ ਕਰਦਾ ਹੈ ਅਤੇ ਜੋ ਕੋਈ ਮੈਨੂੰ ਸਵੀਕਾਰ ਕਰੇ ਸੋ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਸਵੀਕਾਰ ਕਰਦਾ ਹੈ ਕਿਉਂਕਿ ਜੋ ਕੋਈ ਤੁਹਾਡੇ ਸਭਨਾਂ ਵਿੱਚੋਂ ਦੂਜਿਆਂ ਨਾਲੋਂ ਛੋਟਾ ਹੈ, ਉਹ ਹੀ ਵੱਡਾ ਹੈ।
ਜਿਹੜਾ ਵਿਰੋਧ ਵਿੱਚ ਨਹੀਂ ਉਹ ਨਾਲ ਹੈ
ਮਰਕੁਸ 9:39-40
49 ਯੂਹੰਨਾ ਨੇ ਉਸ ਨੂੰ ਆਖਿਆ, ਸੁਆਮੀ ਜੀ ਅਸੀਂ ਇੱਕ ਮਨੁੱਖ ਨੂੰ ਤੇਰੇ ਨਾਮ ਵਿੱਚ ਭੂਤ ਨੂੰ ਕੱਢਦੇ ਵੇਖਿਆ ਅਤੇ ਉਹ ਨੂੰ ਰੋਕਿਆ ਇਸ ਲਈ ਜੋ ਉਹ ਸਾਡੇ ਨਾਲ ਤੇਰੇ ਮਗਰ ਨਹੀਂ ਚੱਲਦਾ।
50 ਪਰ ਯਿਸੂ ਨੇ ਉਸ ਨੂੰ ਆਖਿਆ, ਕਿ ਉਸ ਨੂੰ ਨਾ ਰੋਕੋ ਕਿਉਂਕਿ ਜਿਹੜਾ ਤੁਹਾਡੇ ਵਿਰੁੱਧ ਨਹੀਂ ਉਹ ਤੁਹਾਡੇ ਨਾਲ ਹੈ।
ਸਾਮਰਿਯਾ ਦੇ ਲੋਕਾਂ ਦੁਆਰਾ ਯਿਸੂ ਦਾ ਵਿਰੋਧ
51 ਇਹ ਹੋਇਆ ਕਿ ਜਦ ਉਸ ਦੇ ਸਵਰਗ ਉੱਠਾਏ ਜਾਣ ਦੇ ਦਿਨ ਸੰਪੂਰਨ ਹੋਣ ਲੱਗੇ ਤਾਂ ਉਸ ਨੇ ਯਰੂਸ਼ਲਮ ਨੂੰ ਜਾਣ ਲਈ ਆਪਣਾ ਪੂਰਾ ਮਨ ਬਣਾਇਆ।
52 ਅਤੇ ਆਪਣੇ ਅੱਗੇ ਸੰਦੇਸ਼ਵਾਹਕ ਭੇਜੇ ਅਤੇ ਉਹ ਤੁਰ ਦੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਪਹੁੰਚੇ ਤਾਂ ਜੋ ਉਸ ਦੇ ਲਈ ਤਿਆਰੀ ਕਰਨ।
53 ਪਰ ਉਨ੍ਹਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ ਇਸ ਲਈ ਜੋ ਉਹ ਯਰੂਸ਼ਲਮ ਦੀ ਵੱਲ ਜਾਣ ਨੂੰ ਸੀ।
54 ਅਤੇ ਉਸ ਦੇ ਚੇਲੇ ਯਾਕੂਬ ਅਤੇ ਯੂਹੰਨਾ ਨੇ ਇਹ ਵੇਖ ਕੇ ਕਿਹਾ, ਪ੍ਰਭੂ ਜੀ ਜੇਕਰ ਤੇਰੀ ਮਰਜ਼ੀ ਹੈ ਤਾਂ ਕਿ ਅਸੀਂ ਹੁਕਮ ਕਰੀਏ ਜੋ ਅਕਾਸ਼ ਤੋਂ ਅੱਗ ਬਰਸੇ ਅਤੇ ਇਨ੍ਹਾਂ ਦਾ ਨਾਸ ਕਰੇ?
55 ਪਰ ਉਸ ਨੇ ਮੁੜ ਕੇ ਉਨ੍ਹਾਂ ਨੂੰ ਝਿੜਕਿਆ।
56 ਅਤੇ ਉਹ ਕਿਸੇ ਹੋਰ ਪਿੰਡ ਨੂੰ ਚੱਲੇ ਗਏ।
ਯਿਸੂ ਦਾ ਚੇਲਾ ਬਣਨ ਦੀ ਕੀਮਤ
ਮੱਤੀ 8:19-22
57 ਜਦ ਉਹ ਰਸਤੇ ਵਿੱਚ ਚੱਲੇ ਜਾਂਦੇ ਸਨ ਤਾਂ ਕਿਸੇ ਨੇ ਉਸ ਨੂੰ ਆਖਿਆ ਕਿ ਜਿੱਥੇ ਕਿਤੇ ਤੁਸੀਂ ਜਾਓਗੇ ਮੈਂ ਤੁਹਾਡੇ ਪਿੱਛੇ ਚੱਲਾਂਗਾ।
58 ਯਿਸੂ ਨੇ ਉਸ ਨੂੰ ਕਿਹਾ, ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਲ੍ਹਣੇ ਹਨ ਪਰ ਮਨੁੱਖ ਦੇ ਪੁੱਤਰ ਦੇ ਸਿਰ ਰੱਖਣ ਨੂੰ ਵੀ ਥਾਂ ਨਹੀਂ।
59 ਉਸ ਨੇ ਹੋਰ ਦੂਸਰੇ ਨੂੰ ਆਖਿਆ ਕਿ ਮੇਰੇ ਮਗਰ ਚੱਲਿਆ ਆ ਪਰ ਉਸ ਨੇ ਕਿਹਾ, ਪ੍ਰਭੂ ਜੀ ਮੈਨੂੰ ਆਗਿਆ ਦਿਓ ਜੋ ਪਹਿਲਾਂ ਜਾ ਕੇ ਆਪਣੇ ਪਿਤਾ ਨੂੰ ਦੱਬਾਂ।
60 ਉਸ ਨੇ ਉਸ ਨੂੰ ਆਖਿਆ, ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ ਪਰ ਤੂੰ ਜਾ ਕੇ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰ।
61 ਅਤੇ ਇੱਕ ਹੋਰ ਨੇ ਆਖਿਆ, ਪ੍ਰਭੂ ਜੀ, ਮੈਂ ਤੁਹਾਡੇ ਪਿਛੇ ਚੱਲਾਂਗਾ ਪਰ ਪਹਿਲਾਂ ਮੈਨੂੰ ਆਗਿਆ ਦਿਓ ਜੋ ਆਪਣੇ ਘਰ ਦਿਆਂ ਲੋਕਾਂ ਤੋਂ ਵਿਦਾ ਹੋ ਆਵਾਂ।
62 ਪਰ ਯਿਸੂ ਨੇ ਉਸ ਨੂੰ ਆਖਿਆ, ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਹਾਂ ਨੂੰ ਵੇਖੇ ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਯੋਗ ਨਹੀਂ।