13
ਹੈਕਲ ਦੇ ਵਿਨਾਸ਼ ਦੀ ਭਵਿੱਖਬਾਣੀ
ਮੱਤੀ 24:1, 2; ਲੂਕਾ 21:5, 6
1 ਜਦੋਂ ਪ੍ਰਭੂ ਯਿਸੂ ਹੈਕਲ ਵਿੱਚੋਂ ਬਾਹਰ ਜਾ ਰਿਹਾ ਸੀ, ਤਾਂ ਉਹ ਦੇ ਚੇਲਿਆਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਗੁਰੂ ਜੀ ਇਹਨਾਂ ਪੱਥਰਾਂ ਅਤੇ ਇਮਾਰਤਾਂ ਨੂੰ ਵੇਖੋ ਕਿਹੋ ਜਿਹੇ ਹਨ!
2 ਤਾਂ ਯਿਸੂ ਨੇ ਉਹ ਨੂੰ ਕਿਹਾ, ਕੀ ਤੂੰ ਇਹਨਾਂ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈਂ? ਐਥੇ ਪੱਥਰ ਉੱਤੇ ਪੱਥਰ ਵੀ ਛੱਡਿਆ ਨਾ ਜਾਵੇਗਾ ਜਿਹੜਾ ਗਿਰਾਇਆ ਨਾ ਜਾਏ।
ਸੰਕਟ ਅਤੇ ਕਲੇਸ਼
ਮੱਤੀ 24:3-14; ਲੂਕਾ 21:7-19
3 ਜਦੋਂ ਉਹ ਜ਼ੈਤੂਨ ਦੇ ਪਹਾੜ ਉੱਤੇ ਹੈਕਲ ਦੇ ਸਾਹਮਣੇ ਬੈਠਾ ਸੀ, ਤਦ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਨੇ ਇਕਾਂਤ ਵਿੱਚ ਉਹ ਦੇ ਅੱਗੇ ਅਰਜ਼ ਕੀਤੀ,
4 ਜੋ ਸਾਨੂੰ ਦੱਸੋ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਨਿਸ਼ਾਨ ਹੋਵੇਗਾ, ਜਦੋਂ ਇਹ ਸਭ ਪੂਰੀਆਂ ਹੋਣ ਲੱਗਣਗੀਆਂ?
5 ਯਿਸੂ ਨੇ ਉਨ੍ਹਾਂ ਨੂੰ ਆਖਿਆ, ਚੌਕਸ ਰਹੋ ਕਿ ਕੋਈ ਤੁਹਾਨੂੰ ਧੋਖੇ ਵਿੱਚ ਨਾ ਪਾਵੇ।
6 ਮੇਰਾ ਨਾਮ ਲੈ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ।
7 ਜਦੋਂ ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਖ਼ਬਰਾਂ ਨੂੰ ਸੁਣੋ ਤਾਂ ਘਬਰਾ ਨਾ ਜਾਣਾ। ਕਿਉਂਕਿ ਇਨ੍ਹਾਂ ਦਾ ਹੋਣਾ ਜ਼ਰੂਰ ਹੈ ਪਰ ਅਜੇ ਅੰਤ ਨਹੀਂ ਹੋਵੇਗਾ।
8 ਕਿਉਂ ਜੋ ਕੌਮ-ਕੌਮ ਉੱਤੇ ਅਤੇ ਰਾਜ ਰਾਜ ਉੱਤੇ ਚੜ੍ਹਾਈ ਕਰੇਗਾ। ਥਾਂ-ਥਾਂ ਭੂਚਾਲ ਆਉਣਗੇ, ਅਤੇ ਕਾਲ ਪੈਣਗੇ। ਇਹ ਤਾਂ ਅਜੇ ਦੁੱਖਾਂ ਦੀ ਸ਼ੁਰੂਆਤ ਹੀ ਹੈ!।
9 ਪਰ ਤੁਸੀਂ ਚੌਕਸ ਰਹੋ ਕਿਉਂ ਜੋ ਲੋਕ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰਨਗੇ ਅਤੇ ਤੁਸੀਂ ਪ੍ਰਾਰਥਨਾ ਘਰਾਂ ਵਿੱਚ ਮਾਰ ਖਾਓਗੇ ਅਤੇ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਮੇਰੇ ਕਾਰਨ ਖੜੇ ਕੀਤੇ ਜਾਓਗੇ ਤਾਂ ਜੋ ਉਨ੍ਹਾਂ ਉੱਤੇ ਗਵਾਹੀ ਹੋਵੇ।
10 ਅਤੇ ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਵਿੱਚ ਖੁਸ਼ਖਬਰੀ ਦਾ ਪਰਚਾਰ ਕੀਤਾ ਜਾਏ।
11 ਪਰ ਜਦੋਂ ਤੁਹਾਨੂੰ ਲੈ ਜਾ ਕੇ ਉਨ੍ਹਾ ਦੇ ਹਵਾਲੇ ਕਰਨ, ਤਾਂ ਪਹਿਲਾਂ ਹੀ ਚਿੰਤਾ ਨਾ ਕਰਨੀ ਕਿ ਅਸੀਂ ਕੀ ਆਖਾਂਗੇ, ਪਰ ਜੋ ਕੁਝ ਉਸ ਘੜੀ ਤੁਹਾਨੂੰ ਬਖ਼ਸ਼ਿਆ ਜਾਵੇ ਸੋਈ ਆਖਣਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋ, ਪਰ ਪਵਿੱਤਰ ਆਤਮਾ ਹੈ।
12 ਅਤੇ ਭਾਈ-ਭਾਈ ਨੂੰ ਅਤੇ ਪਿਤਾ ਪੁੱਤਰ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਮਾਪਿਆਂ ਦੇ ਵਿਰੁੱਧ ਖੜੇ ਹੋ ਕੇ ਉਨ੍ਹਾਂ ਨੂੰ ਮਰਵਾ ਸੁੱਟਣਗੇ।
13 ਅਤੇ ਮੇਰੇ ਨਾਮ ਦੇ ਕਾਰਣ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ।
ਮਹਾਂ ਕਲੇਸ਼ ਦਾ ਸਮਾਂ
ਮੱਤੀ 24:15-28; ਲੂਕਾ 21:20-24
14 ਸੋ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਥਾਂ ਨਹੀਂ ਹੋਣਾ ਚਾਹੀਦਾ, ਉੱਥੇ ਖੜੀ ਵੇਖੋ (ਪੜ੍ਹਨ ਵਾਲਾ ਸਮਝ ਲਵੇ) ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਉੱਤੇ ਭੱਜ ਜਾਣ।
15 ਅਤੇ ਜਿਹੜਾ ਕੋਠੇ ਉੱਤੇ ਹੋਵੇ ਉਹ ਹੇਠਾਂ ਨਾ ਉੱਤਰੇ ਅਤੇ ਆਪਣੇ ਘਰੋਂ ਕੁਝ ਲੈਣ ਲਈ ਅੰਦਰ ਨਾ ਵੜੇ।
16 ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ।
17 ਅਤੇ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਵਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ!
18 ਪਰ ਤੁਸੀਂ ਪ੍ਰਾਰਥਨਾ ਕਰੋ ਜੋ ਇਹ ਸਿਆਲ ਵਿੱਚ ਨਾ ਹੋਵੇ।
19 ਕਿਉਂਕਿ ਉਨ੍ਹਾ ਦਿਨਾਂ ਵਿੱਚ ਐਡਾ ਕਸ਼ਟ ਹੋਵੇਗਾ, ਜੋ ਸਰਿਸ਼ਟ ਦੇ ਮੁਢੋਂ ਪਰਮੇਸ਼ੁਰ ਨੇ ਸਾਜਿਆ ਹੈ ਨਾ ਹੁਣ ਤੱਕ ਹੋਇਆ ਅਤੇ ਨਾ ਕਦੇ ਹੋਵੇਗਾ।
20 ਅਤੇ ਜੇ ਪ੍ਰਭੂ ਉਹਨਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਪ੍ਰਾਣੀ ਨਾ ਬਚਦਾ ਪਰ ਉਹਨਾਂ ਚੁਣਿਆ ਹੋਇਆਂ ਦੀ ਖਾਤਰ, ਜਿਹਨਾਂ ਨੂੰ ਉਸ ਨੇ ਚੁਣਿਆ ਹੈ ਉਸ ਨੇ ਉਹਨਾਂ ਦਿਨਾਂ ਨੂੰ ਘਟਾਇਆ
21 ਅਤੇ ਉਸ ਸਮੇਂ ਜੇ ਕੋਈ ਤੁਹਾਨੂੰ ਆਖੇ ਕਿ ਵੇਖੋ ਮਸੀਹ ਐਥੇ ਹੈ! ਜਾਂ ਵੇਖੋ ਉੱਥੇ ਹੈ! ਤਾਂ ਸੱਚ ਨਾ ਮੰਨਣਾ।
22 ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਉਹ ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣ।
23 ਪਰ ਤੁਸੀਂ ਚੌਕਸ ਰਹੋ, ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਸੱਭੋ ਕੁਝ ਦੱਸ ਦਿੱਤਾ।
ਮਨੁੱਖ ਦੇ ਪੁੱਤਰ ਦਾ ਦੁਬਾਰਾ ਆਉਣਾ
ਮੱਤੀ 24:29-31; ਲੂਕਾ 21:25-28
24 ਉਨ੍ਹਾ ਦਿਨਾਂ ਵਿੱਚ ਕਸ਼ਟ ਦੇ ਪਿੱਛੋਂ
ਸੂਰਜ ਅਨ੍ਹੇਰਾ ਹੋ ਜਾਵੇਗਾ,
ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ।
25 ਅਤੇ ਤਾਰੇ ਅਕਾਸ਼ ਤੋਂ ਡਿੱਗ ਪੈਣਗੇ
ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।
26 ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਬੱਦਲਾਂ ਉੱਤੇ ਆਉਂਦੇ ਵੇਖਣਗੇ।
27 ਉਸ ਵੇਲੇ ਉਹ ਆਪਣੇ ਦੂਤਾਂ ਨੂੰ ਭੇਜੇਗਾ, ਅਤੇ ਉਹ ਧਰਤੀ ਦੀ ਹੱਦੋਂ ਅਕਾਸ਼ ਦੀ ਹੱਦ ਤੱਕ ਚਾਰੇ ਪਾਸਿਓਂ ਆਪਣੇ ਚੁਣਿਆ ਹੋਇਆਂ ਨੂੰ ਇਕੱਠਿਆਂ ਕਰੇਗਾ।
ਹੰਜ਼ੀਰ ਦੇ ਰੁੱਖ ਦਾ ਉਦਾਹਰਣ
ਮੱਤੀ 24:32-35; ਲੂਕਾ 21:29-33
28 ਹੰਜ਼ੀਰ ਦੇ ਰੁੱਖ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀਆਂ ਟਹਿਣੀਆਂ ਨਰਮ ਹੁੰਦੀਆਂ ਹਨ, ਅਤੇ ਪੱਤੇ ਫੁੱਟਦੇ ਹਨ ਤਾਂ ਤੁਸੀਂ ਜਾਣ ਲੈਂਦੇ ਹੋ ਜੋ ਗਰਮੀ ਦੀ ਰੁੱਤ ਨੇੜੇ ਆ ਗਈ ਹੈ।
29 ਇਸੇ ਤਰ੍ਹਾਂ ਜਦ ਤੁਸੀਂ ਵੀ ਵੇਖੋ ਕਿ ਇਹ ਗੱਲਾਂ ਹੁੰਦੀਆਂ ਹਨ, ਤਾਂ ਜਾਣ ਲੈਣਾ ਕਿ ਉਹ ਨੇੜੇ ਹੈ ਸਗੋਂ ਬੂਹੇ ਉੱਤੇ ਹੈ।
30 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਲੈਣ ਇਹ ਪੀੜ੍ਹੀ ਬੀਤ ਨਾ ਜਾਵੇਗੀ।
31 ਅਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਬਚਨ ਕਦੀ ਨਾ ਟਲਣਗੇ।
ਜਾਗਦੇ ਰਹੋ
ਮੱਤੀ 24:36-44
32 ਪਰ ਉਸ ਦਿਨ ਜਾਂ ਉਸ ਸਮੇਂ ਦੇ ਬਾਰੇ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ, ਨਾ ਪੁੱਤਰ ਪਰ ਕੇਵਲ ਪਿਤਾ।
33 ਖ਼ਬਰਦਾਰ, ਜਾਗਦੇ ਅਤੇ ਪ੍ਰਾਰਥਨਾ ਕਰਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਸਮਾਂ ਕਦੋਂ ਹੋਵੇਗਾ।
34 ਇਹ ਇੱਕ ਪ੍ਰਦੇਸ ਗਏ ਹੋਏ ਮਨੁੱਖ ਵਰਗਾ ਹੈ ਜਿਸ ਨੇ ਘਰੋਂ ਜਾਂਦੇ ਸਮੇਂ ਆਪਣੇ ਨੌਕਰਾਂ ਨੂੰ ਅਧਿਕਾਰ ਅਤੇ ਹਰੇਕ ਨੂੰ ਉਹ ਦਾ ਕੰਮ ਦਿੱਤਾ ਅਤੇ ਦਰਬਾਨ ਨੂੰ ਹੁਕਮ ਦਿੱਤਾ ਕਿ ਜਾਗਦਾ ਰਹਿ।
35 ਸੋ ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਜੋ ਘਰ ਦਾ ਮਾਲਕ ਕਦ ਆਵੇਗਾ, ਸ਼ਾਮ ਨੂੰ ਜਾਂ ਅੱਧੀ ਰਾਤ ਨੂੰ ਜਾਂ ਕੁੱਕੜ ਦੇ ਬਾਂਗ ਦੇਣ ਦੇ ਵੇਲੇ ਜਾਂ ਤੜਕੇ ਨੂੰ।
36 ਕਿਤੇ ਅਜਿਹਾ ਨਾ ਹੋਵੇ ਜੋ ਉਹ ਅਚਾਨਕ ਆਣ ਕੇ ਤੁਹਾਨੂੰ ਸੁੱਤੇ ਪਏ ਵੇਖੇ।
37 ਅਤੇ ਜੋ ਮੈਂ ਤੁਹਾਨੂੰ ਆਖਦਾ ਹਾਂ, ਉਹ ਹੀ ਸਾਰਿਆਂ ਨੂੰ ਆਖਦਾ ਹਾਂ ਕਿ ਜਾਗਦੇ ਰਹੋ!