7
ਦੂਸਰਿਆਂ ਉੱਤੇ ਦੋਸ਼ ਨਾ ਲਗਾਓ
ਲੂਕਾ 6:37, 38, 41, 42
1 ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇ।
2 ਕਿਉਂਕਿ ਜਿਸ ਤਰ੍ਹਾਂ ਤੁਸੀਂ ਦੋਸ਼ ਲਾਉਂਦੇ ਹੋ, ਉਸੇ ਤਰ੍ਹਾਂ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਅਤੇ ਜਿਸ ਮਾਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਮਿਣਿਆ ਜਾਵੇਗਾ।
3 ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਰਾ ਦੀ ਅੱਖ ਵਿੱਚ ਹੈ, ਕਿਉਂ ਵੇਖਦਾ ਹੈਂ? ਪਰ ਉਹ ਸ਼ਤੀਰ ਜੋ ਤੇਰੀ ਆਪਣੀ ਅੱਖ ਵਿੱਚ ਹੈ ਉਸ ਵੱਲ ਧਿਆਨ ਨਹੀਂ ਦਿੰਦਾ!
4 ਪਰ ਤੂੰ ਕਿਵੇਂ ਆਪਣੇ ਭਰਾ ਨੂੰ ਆਖ ਸਕਦਾ ਹੈਂ ਕਿ ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ, ਜਦ ਕਿ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ!
5 ਹੇ ਕਪਟੀ ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢ ਤਾਂ ਤੂੰ ਚੰਗੀ ਤਰ੍ਹਾਂ ਵੇਖ ਕੇ, ਉਸ ਕੱਖ ਨੂੰ ਆਪਣੇ ਭਰਾ ਦੀ ਅੱਖ ਵਿੱਚੋਂ ਕੱਢ ਸਕੇਂਗਾ।
6 ਪਵਿੱਤਰ ਵਸਤੂ ਕੁੱਤਿਆਂ ਨੂੰ ਨਾ ਪਾਓ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ, ਕਿਤੇ ਅਜਿਹਾ ਨਾ ਹੋਵੇ ਜੋ ਉਹ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਮਿੱਧ ਦੇਣ ਅਤੇ ਮੁੜ ਕੇ ਤੁਹਾਨੂੰ ਪਾੜਨ।
ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ
ਲੂਕਾ 11:9-13
7 ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਲੱਭੋ ਤਾਂ ਤੁਹਾਨੂੰ ਲੱਭ ਜਾਵੇਗਾ। ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ।
8 ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ, ਲੱਭਣ ਵਾਲੇ ਨੂੰ ਲੱਭ ਜਾਂਦਾ ਹੈ ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।
9 ਜਾਂ ਤੁਹਾਡੇ ਵਿੱਚੋਂ ਕੌਣ ਅਜਿਹਾ ਹੈ, ਕਿ ਜਦੋਂ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹ ਉਸ ਨੂੰ ਪੱਥਰ ਦੇਵੇ?
10 ਅਤੇ ਜਦੋਂ ਮੱਛੀ ਮੰਗੇ ਤਾਂ ਉਹ ਉਸ ਨੂੰ ਸੱਪ ਦੇਵੇ?
11 ਜਦੋਂ ਤੁਸੀਂ ਬੁਰੇ ਹੋ ਕੇ, ਆਪਣਿਆਂ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ ਤਾਂ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਕਿੰਨੀਆਂ ਵਧੇਰੇ ਚੰਗੀਆਂ ਵਸਤੂਆਂ ਕਿਉਂ ਨਾ ਦੇਵੇਗਾ?
12 ਇਸ ਲਈ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਹੀ ਕਰੋ! ਕਿਉਂਕਿ ਮੂਸਾ ਦੀ ਬਿਵਸਥਾ ਅਤੇ ਨਬੀਆਂ ਦੇ ਉਪਦੇਸ਼ ਦਾ ਇਹੋ ਹੀ ਅਰਥ ਹੈ।
ਭੀੜਾ ਅਤੇ ਖੁੱਲ੍ਹਾ ਫਾਟਕ
ਲੂਕਾ 13:24
13 ਭੀੜੇ ਫਾਟਕ ਤੋਂ ਵੜੋ, ਕਿਉਂ ਜੋ ਖੁੱਲ੍ਹਾ ਹੈ ਉਹ ਫਾਟਕ ਅਤੇ ਸੁਖਾਲਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਤੇ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ।
14 ਅਤੇ ਉਹ ਫਾਟਕ ਭੀੜਾ ਹੈ ਅਤੇ ਉਹ ਰਾਹ ਔਖਾ ਹੈ, ਜਿਹੜਾ ਸੱਚੇ ਜੀਵਨ ਵੱਲ ਜਾਂਦਾ ਹੈ ਅਤੇ ਬਹੁਤ ਥੋੜ੍ਹੇ ਹਨ ਜੋ ਉਸ ਨੂੰ ਲੱਭਦੇ ਹਨ।
ਸੱਚੇ ਅਤੇ ਝੂਠੇ ਨਬੀ
ਲੂਕਾ 6:43, 44, 46; 13:25-27
15 ਝੂਠੇ ਨਬੀਆਂ ਤੋਂ ਸਾਵਧਾਨ ਰਹੋ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਬਘਿਆੜ ਹਨ।
16 ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ। ਕੀ, ਕੰਡਿਆਲੀਆਂ ਝਾੜੀਆਂ ਨੂੰ ਦਾਖਾਂ ਜਾਂ ਭਖੜੇ ਨੂੰ ਹੰਜ਼ੀਰ ਲੱਗਦੇ ਹਨ?
17 ਜਿਸ ਤਰ੍ਹਾਂ ਹਰੇਕ ਚੰਗੇ ਰੁੱਖ ਨੂੰ ਚੰਗੇ ਫਲ ਲੱਗਦੇ ਹਨ, ਪਰ ਮਾੜੇ ਰੁੱਖ ਨੂੰ ਬੁਰੇ ਫਲ ਲੱਗਦੇ ਹਨ।
18 ਚੰਗਾ ਰੁੱਖ ਬੁਰਾ ਫਲ ਨਹੀਂ ਦੇ ਸਕਦਾ ਅਤੇ ਨਾ ਮਾੜਾ ਰੁੱਖ ਚੰਗਾ ਫਲ ਦੇ ਸਕਦਾ ਹੈ।
19 ਹਰੇਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।
20 ਇਸ ਲਈ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।
21 ਹਰ ਕੋਈ ਮੈਨੂੰ ਪ੍ਰਭੂ! ਪ੍ਰਭੂ! ਕਹਿਣ ਵਾਲਾ ਸਵਰਗ ਰਾਜ ਵਿੱਚ ਨਹੀਂ ਵੜੇਗਾ ਪਰ ਉਹ ਹੀ ਵੜੇਗਾ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ।
22 ਉਸ ਦਿਨ ਬਹੁਤੇ ਮੈਨੂੰ ਆਖਣਗੇ, ਹੇ ਪ੍ਰਭੂ! ਹੇ ਪ੍ਰਭੂ! ਕੀ ਅਸੀਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤੇ? ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ? ਅਤੇ ਤੇਰਾ ਨਾਮ ਲੈ ਕੇ ਬਹੁਤ ਅਚਰਜ਼ ਕੰਮ ਨਹੀਂ ਕੀਤੇ?
23 ਤਦ ਮੈਂ ਉਨ੍ਹਾਂ ਨੂੰ ਸਪੱਸ਼ਟ ਆਖਾਂਗਾ, ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਸਭ ਕੁਧਰਮੀਓ, ਮੇਰੇ ਕੋਲੋਂ ਦੂਰ ਹੋ ਜਾਓ!
ਘਰ ਬਣਾਉਣ ਵਾਲੇ ਦੋ ਮਨੁੱਖ: ਬੁੱਧੀਮਾਨ ਅਤੇ ਮੂਰਖ
ਲੂਕਾ 6:47-49
24 ਇਸ ਲਈ ਜਿਹੜਾ ਮੇਰੇ ਇਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਰਗਾ ਹੈ ਜਿਸ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ।
25 ਮੀਂਹ ਵਰ੍ਹਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਮਾਰਿਆ; ਪਰ ਉਹ ਨਾ ਡਿੱਗਿਆ, ਕਿਉਂਕਿ ਉਸ ਦੀ ਨੀਂਹ ਪੱਥਰ ਉੱਤੇ ਧਰੀ ਹੋਈ ਸੀ।
26 ਅਤੇ ਹਰ ਕੋਈ ਜਿਹੜਾ ਮੇਰੇ ਇਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਨਹੀਂ ਚੱਲਦਾ ਉਹ ਉਸ ਮੂਰਖ ਵਰਗਾ ਹੈ ਜਿਸ ਨੇ ਆਪਣਾ ਘਰ ਰੇਤ ਉੱਤੇ ਬਣਾਇਆ।
27 ਮੀਂਹ ਵਰ੍ਹਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਮਾਰਿਆ; ਅਤੇ ਉਹ ਘਰ ਡਿੱਗ ਗਿਆ ਅਤੇ ਉਸ ਦਾ ਵੱਡਾ ਨਾਸ ਹੋਇਆ।
28 ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਇਹ ਗੱਲਾਂ ਕਰ ਹੱਟਿਆ ਤਾਂ ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ।
29 ਕਿਉਂਕਿ ਉਸ ਨੇ ਉਨ੍ਹਾਂ ਨੂੰ ਉਪਦੇਸ਼ਕਾਂ ਵਾਂਗੂੰ ਉਪਦੇਸ਼ ਨਹੀਂ ਦਿੱਤਾ, ਸਗੋਂ ਇੱਕ ਅਧਿਕਾਰ ਨਾਲ ਉਪਦੇਸ਼ ਦਿੱਤਾ।