10
ਚਾਂਦੀ ਦੀਆਂ ਦੋ ਤੁਰ੍ਹੀਆਂ
1 ਯਹੋਵਾਹ ਨੇ ਮੂਸਾ ਨੂੰ ਆਖਿਆ,
2 ਆਪਣੇ ਲਈ ਚਾਂਦੀ ਦੀਆਂ ਦੋ ਤੁਰ੍ਹੀਆਂ ਬਣਾ। ਉਨ੍ਹਾਂ ਨੂੰ ਘੜ੍ਹ ਕੇ ਬਣਾ ਤਾਂ ਜੋ ਉਹ ਤੇਰੇ ਲਈ ਮੰਡਲੀ ਨੂੰ ਸੱਦਣ ਲਈ ਅਤੇ ਡੇਰਿਆਂ ਦੇ ਕੂਚ ਕਰਨ ਲਈ ਹੋਣ।
3 ਜਦ ਉਹ ਉਨ੍ਹਾਂ ਨੂੰ ਫੂਕਣ ਤਾਂ ਸਾਰੀ ਮੰਡਲੀ ਤੇਰੇ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਕੱਠੀ ਹੋ ਜਾਵੇ।
4 ਜੇਕਰ ਇੱਕੋ ਹੀ ਫੂਕਣ ਤਾਂ ਪ੍ਰਧਾਨ, ਜਿਹੜੇ ਇਸਰਾਏਲ ਵਿੱਚ ਹਜ਼ਾਰਾਂ ਦੇ ਮੁਖੀਏ ਹਨ, ਤੇਰੇ ਕੋਲ ਇਕੱਠੇ ਹੋ ਜਾਣ।
5 ਜਦ ਤੁਸੀਂ ਸਾਹ ਖਿੱਚ ਕੇ ਫੂਕ ਮਾਰੋ ਤਾਂ ਪੂਰਬ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ।
6 ਜਦ ਤੁਸੀਂ ਸਾਹ ਖਿੱਚ ਕੇ ਦੂਜੀ ਵਾਰ ਫੂਕ ਮਾਰੋ ਤਾਂ ਦੱਖਣ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ। ਇਸ ਤਰ੍ਹਾਂ ਦੇ ਕੂਚ ਕਰਨ ਲਈ ਉਹ ਸਾਹ ਖਿੱਚ ਕੇ ਫੂਕਣ।
7 ਜਦ ਸਭਾ ਇਕੱਠੀ ਕਰਨੀ ਹੋਵੇ ਤਾਂ ਤੁਸੀਂ ਤੁਰ੍ਹੀ ਫੂਕੋ ਪਰ ਸਾਹ ਖਿੱਚ ਕੇ ਨਾ ਫੂਕੋ।
8 ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ ਉਹ ਤੁਰ੍ਹੀਆਂ ਫੂਕਣ ਅਤੇ ਉਹ ਤੁਹਾਡੇ ਲਈ ਸਦਾ ਤੱਕ ਤੁਹਾਡੀ ਪੀੜ੍ਹੀਓਂ ਪੀੜ੍ਹੀ ਲਈ ਇੱਕ ਬਿਧੀ ਹੋਵੇ।
9 ਜਦ ਤੁਸੀਂ ਆਪਣੇ ਦੇਸ ਵਿੱਚ ਆਪਣੇ ਵੈਰੀਆਂ ਦੇ ਵਿਰੁੱਧ, ਜਿਹੜੇ ਤੁਹਾਨੂੰ ਸਤਾਉਂਦੇ ਹਨ ਯੁੱਧ ਕਰਨ ਲਈ ਜਾਓ ਤਾਂ ਤੁਸੀਂ ਤੁਰ੍ਹੀਆਂ ਨੂੰ ਸਾਹ ਖਿੱਚ ਕੇ ਫੂਕੋ, ਫੇਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਯਾਦ ਕੀਤੇ ਜਾਓਗੇ ਅਤੇ ਤੁਸੀਂ ਆਪਣੇ ਵੈਰੀਆਂ ਤੋਂ ਬਚਾਏ ਜਾਓਗੇ।
10 ਆਪਣੇ ਅਨੰਦ ਦੇ ਦਿਨ, ਆਪਣੇ ਠਹਿਰਾਏ ਹੋਏ ਪਰਬਾਂ ਅਤੇ ਆਪਣੇ ਮਹੀਨਿਆਂ ਦੇ ਅਰੰਭ ਵਿੱਚ ਆਪਣੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਬਲੀਆਂ ਉੱਤੇ ਤੁਰ੍ਹੀਆਂ ਨੂੰ ਫੂਕੋ ਅਤੇ ਉਹ ਤੁਹਾਡੇ ਲਈ ਤੁਹਾਡੇ ਪਰਮੇਸ਼ੁਰ ਅੱਗੇ ਇੱਕ ਯਾਦਗਾਰੀ ਠਹਿਰਨ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
ਇਸਰਾਏਲੀਆਂ ਦੀ ਸੀਨਈ ਪਰਬਤ ਤੋਂ ਕੂਚ
11 ਫੇਰ ਅਜਿਹਾ ਹੋਇਆ ਕਿ ਦੂਜੇ ਸਾਲ ਦੇ ਦੂਜੇ ਮਹੀਨੇ ਦੇ ਵੀਹਵੇਂ ਦਿਨ ਉਹ ਬੱਦਲ ਸਾਖੀ ਦੇ ਡੇਰੇ ਦੇ ਉੱਤੋਂ ਚੁੱਕਿਆ ਗਿਆ।
12 ਤਾਂ ਇਸਰਾਏਲੀਆਂ ਨੇ ਸੀਨਈ ਦੀ ਉਜਾੜ ਤੋਂ ਆਪਣੇ ਸਫ਼ਰ ਲਈ ਕੂਚ ਕੀਤਾ ਅਤੇ ਬੱਦਲ ਪਾਰਾਨ ਨਾਮਕ ਉਜਾੜ ਵਿੱਚ ਠਹਿਰ ਗਿਆ।
13 ਸੋ ਉਨ੍ਹਾਂ ਨੇ ਯਹੋਵਾਹ ਦੇ ਹੁਕਮ ਨਾਲ ਜਿਹੜਾ ਮੂਸਾ ਦੇ ਰਾਹੀਂ ਆਇਆ ਸੀ, ਪਹਿਲਾਂ ਕੂਚ ਕੀਤਾ।
14 ਅਤੇ ਸਭ ਤੋਂ ਪਹਿਲਾਂ ਯਹੂਦਾਹ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ, ਅਤੇ ਉਸ ਦਾ ਸੈਨਾਪਤੀ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਸੀ।
15 ਯਿੱਸਾਕਾਰ ਦੇ ਗੋਤ ਦਾ ਸੈਨਾਪਤੀ ਸੂਆਰ ਦਾ ਪੁੱਤਰ ਨਥਨਿਏਲ ਸੀ।
16 ਅਤੇ ਜ਼ਬੂਲੁਨ ਦੇ ਗੋਤ ਦਾ ਸੈਨਾਪਤੀ ਹੇਲੋਨ ਦਾ ਪੁੱਤਰ ਅਲੀਆਬ ਸੀ।
17 ਫੇਰ ਡੇਰਾ ਉਤਾਰਿਆ ਗਿਆ ਅਤੇ ਗੇਰਸ਼ੋਨੀਆਂ ਅਤੇ ਮਰਾਰੀਆਂ ਨੇ ਜੋ ਡੇਰੇ ਨੂੰ ਚੁੱਕਦੇ ਸਨ, ਕੂਚ ਕੀਤਾ।
18 ਫੇਰ ਰਊਬੇਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਸ਼ਦੇਊਰ ਦਾ ਪੁੱਤਰ ਅਲੀਸੂਰ ਸੀ।
19 ਸ਼ਿਮਓਨ ਦੇ ਗੋਤ ਦਾ ਸੈਨਾਪਤੀ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਸੀ।
20 ਅਤੇ ਗਾਦ ਦੇ ਗੋਤ ਦਾ ਸੈਨਾਪਤੀ ਦਊਏਲ ਦਾ ਪੁੱਤਰ ਅਲਯਾਸਾਫ਼ ਸੀ।
21 ਫੇਰ ਕਹਾਥੀਆਂ ਨੇ ਡੇਰੇ ਨੂੰ ਚੁੱਕ ਕੇ ਕੂਚ ਕੀਤਾ ਅਤੇ ਦੂਜਿਆਂ ਨੇ ਉਨ੍ਹਾਂ ਦੇ ਆਉਣ ਤੱਕ ਡੇਰੇ ਨੂੰ ਖੜ੍ਹਾ ਕਰ ਲਿਆ।
22 ਫੇਰ ਇਫ਼ਰਾਈਮੀਆਂ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਸੀ।
23 ਮਨੱਸ਼ਹ ਦੇ ਗੋਤ ਦਾ ਸੈਨਾਪਤੀ ਪਦਾਹਸੂਰ ਦਾ ਪੁੱਤਰ ਗਮਲੀਏਲ ਸੀ।
24 ਬਿਨਯਾਮੀਨ ਦੇ ਗੋਤ ਦਾ ਸੈਨਾਪਤੀ ਗਿਦਓਨੀ ਦਾ ਪੁੱਤਰ ਅਬੀਦਾਨ ਸੀ।
25 ਫੇਰ ਦਾਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਜਿਹੜਾ ਸਾਰੇ ਡੇਰਿਆਂ ਤੋਂ ਪਿੱਛੇ ਸੀ, ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ ਸੀ।
26 ਅਤੇ ਆਸ਼ੇਰ ਦੇ ਗੋਤ ਦਾ ਸੈਨਾਪਤੀ ਆਕਰਾਨ ਦਾ ਪੁੱਤਰ ਪਗੀਏਲ ਸੀ।
27 ਅਤੇ ਨਫ਼ਤਾਲੀ ਦੇ ਗੋਤ ਦਾ ਸੈਨਾਪਤੀ ਏਨਾਨ ਦਾ ਪੁੱਤਰ ਅਹੀਰਾ ਸੀ।
28 ਇਹ ਇਸਰਾਏਲੀ ਇਸੇ ਤਰ੍ਹਾਂ ਹੀ ਆਪਣੇ-ਆਪਣੇ ਦਲਾਂ ਦੇ ਅਨੁਸਾਰ ਕੂਚ ਕਰਦੇ ਸਨ ਅਤੇ ਅੱਗੇ ਵਧਿਆ ਕਰਦੇ ਸਨ।
29 ਮੂਸਾ ਨੇ ਆਪਣੇ ਸਹੁਰੇ ਰਊਏਲ ਮਿਦਯਾਨੀ ਦੇ ਪੁੱਤਰ ਹੋਬਾਬ ਨੂੰ ਆਖਿਆ ਕਿ ਅਸੀਂ ਉਸ ਥਾਂ ਨੂੰ ਜਿਹੜਾ ਯਹੋਵਾਹ ਨੇ ਸਾਨੂੰ ਦੇਣ ਨੂੰ ਆਖਿਆ ਹੈ ਕੂਚ ਕਰ ਰਹੇ ਹਾਂ। ਤੂੰ ਸਾਡੇ ਨਾਲ ਚੱਲ ਅਤੇ ਅਸੀਂ ਤੇਰੇ ਨਾਲ ਭਲਿਆਈ ਕਰਾਂਗੇ ਕਿਉਂ ਜੋ ਯਹੋਵਾਹ ਨੇ ਇਸਰਾਏਲ ਲਈ ਭਲਿਆਈ ਕਰਨ ਦੀ ਗੱਲ ਕੀਤੀ ਹੈ।
30 ਉਸ ਨੇ ਆਖਿਆ, ਮੈਂ ਨਹੀਂ ਜਾਂਵਾਂਗਾ ਸਗੋਂ ਮੈਂ ਆਪਣੇ ਦੇਸ ਅਤੇ ਆਪਣੇ ਰਿਸ਼ਤੇਦਾਰਾਂ ਵਿੱਚ ਜਾਂਵਾਂਗਾ।
31 ਤਾਂ ਮੂਸਾ ਨੇ ਆਖਿਆ, ਸਾਨੂੰ ਨਾ ਛੱਡ ਕਿਉਂ ਜੋ ਤੂੰ ਜਾਣਦਾ ਹੈਂ ਕਿ ਅਸੀਂ ਉਜਾੜ ਵਿੱਚ ਕਿਵੇਂ ਡੇਰੇ ਲਾਈਏ ਅਤੇ ਤੂੰ ਸਾਡੇ ਲਈ ਅੱਖਾਂ ਦਾ ਕੰਮ ਦੇਵੇਂਗਾ।
32 ਅਤੇ ਅਜਿਹਾ ਹੋਵੇਗਾ ਕਿ ਜੇਕਰ ਤੂੰ ਸਾਡੇ ਨਾਲ ਚੱਲੇ ਤਾਂ ਜਿਹੜੀ ਭਲਿਆਈ ਯਹੋਵਾਹ ਸਾਡੇ ਨਾਲ ਕਰੇਗਾ ਉਹੀ ਭਲਿਆਈ ਅਸੀਂ ਵੀ ਤੇਰੇ ਨਾਲ ਕਰਾਂਗੇ।
ਲੋਕਾਂ ਦੀ ਕੂਚ
33 ਫੇਰ ਇਸਰਾਏਲੀਆਂ ਨੇ ਯਹੋਵਾਹ ਦੇ ਪਰਬਤ ਤੋਂ ਤਿੰਨ ਦਿਨਾਂ ਦਾ ਸਫ਼ਰ ਕੀਤਾ ਅਤੇ ਉਨ੍ਹਾਂ ਲਈ ਵਿਸ਼ਰਾਮ ਦੀ ਥਾਂ ਲੱਭਣ ਲਈ ਯਹੋਵਾਹ ਦੇ ਨੇਮ ਦੇ ਸੰਦੂਕ ਨੇ ਵੀ ਉਨ੍ਹਾਂ ਦੇ ਅੱਗੇ-ਅੱਗੇ ਤਿੰਨ ਦਿਨਾਂ ਦਾ ਸਫ਼ਰ ਕੀਤਾ।
34 ਜਦ ਉਹ ਡੇਰੇ ਤੋਂ ਕੂਚ ਕਰਦੇ ਸਨ ਤਾਂ ਦਿਨ ਦੇ ਵੇਲੇ ਯਹੋਵਾਹ ਦਾ ਬੱਦਲ ਉਨ੍ਹਾਂ ਦੇ ਉੱਤੇ ਹੁੰਦਾ ਸੀ।
35 ਇਸ ਤਰ੍ਹਾਂ ਹੁੰਦਾ ਸੀ, ਕਿ ਜਦ ਸੰਦੂਕ ਦਾ ਕੂਚ ਹੁੰਦਾ ਸੀ ਤਾਂ ਮੂਸਾ ਆਖਦਾ ਸੀ “ਹੇ ਯਹੋਵਾਹ, ਉੱਠ ਅਤੇ ਤੇਰੇ ਵੈਰੀ ਖਿੱਲਰ ਜਾਣ ਅਤੇ ਤੇਰੇ ਤੋਂ ਘਿਣ ਕਰਨ ਵਾਲੇ ਤੇਰੇ ਅੱਗੋਂ ਭੱਜ ਜਾਣ।”
36 ਅਤੇ ਜਦ ਸੰਦੂਕ ਠਹਿਰਦਾ ਸੀ ਤਾਂ ਮੂਸਾ ਕਹਿੰਦਾ ਹੁੰਦਾ ਸੀ, “ਹੇ ਯਹੋਵਾਹ, ਇਸਰਾਏਲ ਦੇ ਲੱਖਾਂ ਹਜ਼ਾਰਾਂ ਵਿੱਚ ਮੁੜ ਆ।”