11
ਛਲ ਵਾਲੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ,
ਪਰੰਤੂ ਪੂਰੇ ਤੋਲ ਤੋਂ ਉਹ ਪਰਸੰਨ ਹੁੰਦਾ ਹੈ।
ਹੰਕਾਰ ਦੇ ਨਾਲ ਨਿਰਾਦਰ ਆਉਂਦਾ ਹੈ,
ਪਰ ਨਿਮਰਤਾ ਦੇ ਨਾਲ ਬੁੱਧ ਆਉਂਦੀ ਹੈ।
ਸਿੱਧਿਆਂ ਦੀ ਖ਼ਰਾਈ ਉਹਨਾਂ ਦੀ ਅਗਵਾਈ ਕਰੇਗੀ,
ਪਰ ਕਪਟੀਆਂ ਦੀ ਟੇਢੀ ਚਾਲ ਉਨ੍ਹਾਂ ਦਾ ਨਾਸ ਕਰੇਗੀ।
ਕਹਿਰ* ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ,
ਪਰ ਨੇਕੀ ਦੇ ਕੰਮ ਮੌਤ ਤੋਂ ਬਚਾ ਲੈਂਦੇ ਹਨ।
ਖਰੇ ਮਨੁੱਖ ਦਾ ਰਾਹ ਧਾਰਮਿਕਤਾ ਦੇ ਕਾਰਨ ਸਿੱਧਾ ਰਹਿੰਦਾ ਹੈ,
ਪਰ ਦੁਸ਼ਟ ਮਨੁੱਖ ਆਪਣੀ ਦੁਸ਼ਟਤਾਈ ਨਾਲ ਹੀ ਡਿੱਗ ਪੈਂਦਾ ਹੈ।
ਸਿੱਧਿਆਂ ਦੀ ਸਿਧਿਆਈ ਉਹਨਾਂ ਨੂੰ ਛੁਡਾਉਂਦੀ ਹੈ,
ਪਰ ਛਲੀਏ ਆਪਣੀ ਹੀ ਲੋਚ ਵਿੱਚ ਫਸ ਜਾਂਦੇ ਹਨ।
ਜਦ ਦੁਸ਼ਟ ਮਰਦਾ ਹੈ, ਤਦ ਉਹ ਦੀ ਆਸ ਵੀ ਮਿਟ ਜਾਂਦੀ ਹੈ,
ਅਤੇ ਬੁਰਿਆਰਾਂ ਦੀ ਆਸ ਦਾ ਨਾਸ ਹੋ ਜਾਂਦਾ ਹੈ।
ਧਰਮੀ ਬਿਪਤਾ ਤੋਂ ਛੁਡਾਇਆ ਜਾਂਦਾ ਹੈ,
ਪਰ ਦੁਸ਼ਟ ਉਸੇ ਵਿੱਚ ਫਸ ਜਾਂਦਾ ਹੈ।
ਕੁਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ ਕਰਦਾ ਹੈ,
ਪਰ ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ।
10 ਜਦ ਧਰਮੀਆਂ ਨੂੰ ਸੁੱਖ ਹੁੰਦਾ ਹੈ, ਤਦ ਨਗਰ ਦੇ ਲੋਕ ਪ੍ਰਸੰਨ ਹੁੰਦੇ ਹਨ,
ਪਰ ਜਦ ਦੁਸ਼ਟਾਂ ਦਾ ਨਾਸ ਹੁੰਦਾ, ਤਾਂ ਜੈਕਾਰੇ ਹੁੰਦੇ ਹਨ!
11 ਸਚਿਆਰਾਂ ਦੀਆਂ ਅਸੀਸਾਂ ਨਾਲ ਨਗਰ ਦਾ ਵਾਧਾ ਹੁੰਦਾ ਹੈ,
ਪਰ ਦੁਸ਼ਟਾਂ ਦੇ ਬੋਲਾਂ ਨਾਲ ਉਹ ਢਹਿ ਜਾਂਦਾ ਹੈ।
12 ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਨਿਰਬੁੱਧ ਹੈ,
ਪਰ ਸਮਝਦਾਰ ਪੁਰਸ਼ ਚੁੱਪ ਰਹਿੰਦਾ ਹੈ।
13 ਲੁਤਰਾ ਮਨੁੱਖ ਦੂਜਿਆਂ ਦੀਆਂ ਗੁਪਤ ਗੱਲਾਂ ਨੂੰ ਪ੍ਰਗਟ ਕਰਦਾ ਹੈ,
ਪਰ ਭਰੋਸੇਮੰਦ ਮਨੁੱਖ ਗੱਲ ਨੂੰ ਲੁਕੋ ਰੱਖਦਾ ਹੈ।
14 ਜਿੱਥੇ ਅਗਵਾਈ ਨਹੀਂ ਹੁੰਦੀ ਉੱਥੇ ਲੋਕ ਡਿੱਗ ਪੈਂਦੇ ਹਨ,
ਪਰ ਬਹੁਤੇ ਸਲਾਹਕਾਰਾਂ ਨਾਲ ਬਚਾਓ ਹੁੰਦਾ ਹੈ।
15 ਜਿਹੜਾ ਪਰਾਏ ਮਨੁੱਖ ਦਾ ਜ਼ਮਾਨਤੀ ਬਣੇ, ਉਹ ਵੱਡਾ ਦੁੱਖੀ ਹੁੰਦਾ ਹੈ,
ਪਰ ਜਿਹੜਾ ਜ਼ਮਾਨਤ ਲੈਣ ਤੋਂ ਘਿਰਣਾ ਕਰਦਾ ਹੈ, ਉਹ ਸੁਖੀ ਰਹਿੰਦਾ ਹੈ।
16 ਦਯਾਵਾਨ ਇਸਤਰੀ ਦਾ ਆਦਰ ਹੁੰਦਾ ਹੈ,
ਪਰ ਨਿਰਦਈ ਪੁਰਸ਼ ਧਨ ਦੇ ਪਿੱਛੇ ਲੱਗਿਆ ਰਹਿੰਦਾ ਹੈ।
17 ਦਿਆਲੂ ਆਪਣੀ ਜਾਨ ਦਾ ਭਲਾ ਕਰਦਾ ਹੈ,
ਪਰ ਜਿਹੜਾ ਨਿਰਦਈ ਹੈ ਉਹ ਆਪਣੇ ਹੀ ਸਰੀਰ ਨੂੰ ਦੁੱਖ ਦਿੰਦਾ ਹੈ।
18 ਦੁਸ਼ਟ ਝੂਠ ਦੀ ਮਜ਼ਦੂਰੀ ਲੈਂਦਾ ਹੈ,
ਪਰ ਜਿਹੜਾ ਧਰਮ ਬੀਜਦਾ ਹੈ, ਉਹ ਨੂੰ ਸੱਚ ਦਾ ਫਲ ਮਿਲਦਾ ਹੈ।
19 ਸਚਿਆਰ ਮਨੁੱਖ ਜੀਵਨ ਨੂੰ ਪ੍ਰਾਪਤ ਕਰਦਾ ਹੈ,
ਪਰ ਜਿਹੜਾ ਬੁਰਿਆਈ ਦਾ ਪਿੱਛਾ ਕਰਦਾ ਹੈ, ਉਹ ਆਪਣੀ ਮੌਤ ਦਾ ਪਿੱਛਾ ਕਰਦਾ ਹੈ।
20 ਜਿਹੜੇ ਮਨ ਦੇ ਟੇਢੇ ਹਨ ਉਹਨਾਂ ਕੋਲੋਂ ਯਹੋਵਾਹ ਨੂੰ ਘਿਣ ਆਉਂਦੀ ਹੈ,
ਪਰ ਖਰੀ ਚਾਲ ਵਾਲਿਆਂ ਤੋਂ ਉਹ ਪਰਸੰਨ ਹੁੰਦਾ ਹੈ।
21 ਇਹ ਗੱਲ ਪੱਕੀ ਹੈ ਕਿ ਦੁਸ਼ਟ ਦੰਡ ਬਿਨ੍ਹਾਂ ਨਾ ਛੁੱਟੇਗਾ,
ਪਰ ਧਰਮੀ ਦੀ ਅੰਸ ਛੁਡਾਈ ਜਾਵੇਗੀ।
22 ਜਿਵੇਂ ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ,
ਤਿਵੇਂ ਹੀ ਰੂਪਵੰਤ ਇਸਤਰੀ ਹੈ ਜੋ ਵਿਵੇਕਹੀਣ ਹੈ।
23 ਧਰਮੀ ਦੀ ਲਾਲਸਾ ਹਮੇਸ਼ਾ ਭਲਿਆਈ ਦੀ ਹੁੰਦੀ ਹੈ,
ਪਰ ਦੁਸ਼ਟਾਂ ਦੀ ਆਸ ਦਾ ਫਲ ਕਹਿਰ ਹੁੰਦਾ ਹੈ।
24 ਕੋਈ ਤਾਂ ਵੰਡਦਾ ਹੈ ਫਿਰ ਵੀ ਉਹ ਦਾ ਮਾਲ ਵੱਧਦਾ ਹੈ,
ਅਤੇ ਕੋਈ ਜੋਗ ਖ਼ਰਚ ਤੋਂ ਸਰਫ਼ਾ ਕਰਦਾ ਹੈ ਤੇ ਕੰਗਾਲ ਹੀ ਰਹਿੰਦਾ ਹੈ।
25 ਦਾਨੀ ਮਨੁੱਖ ਫਲਵੰਤ ਹੋ ਜਾਂਦਾ ਹੈ,
ਅਤੇ ਜੋ ਦੂਜਿਆਂ ਦੀ ਖੇਤੀ ਸਿੰਜਦਾ ਹੈ, ਉਸ ਦੀ ਵੀ ਸਿੰਜੀ ਜਾਵੇਗੀ।
26 ਜਿਹੜਾ ਅਨਾਜ ਨੂੰ ਦੱਬ ਕੇ ਰੱਖਦਾ ਹੈ, ਉਹ ਨੂੰ ਤਾਂ ਲੋਕ ਫਿਟਕਾਰਦੇ ਹਨ,
ਪਰ ਜਿਹੜਾ ਉਸ ਨੂੰ ਵੇਚਦਾ ਹੈ, ਉਹ ਨੂੰ ਅਸੀਸਾਂ ਦਿੰਦੇ ਹਨ।
27 ਜਿਹੜਾ ਜਤਨ ਨਾਲ ਭਲਿਆਈ ਨੂੰ ਭਾਲਦਾ, ਉਹ ਕਿਰਪਾ ਨੂੰ ਲੱਭਦਾ ਹੈ,
ਪਰ ਜਿਹੜਾ ਬੁਰਿਆਈ ਨੂੰ ਭਾਲਦਾ ਹੈ, ਉਹ ਉਸੇ ਦੇ ਉੱਤੇ ਆ ਪਵੇਗੀ।
28 ਜਿਹੜਾ ਆਪਣੇ ਧਨ ਉੱਤੇ ਆਸਰਾ ਰੱਖਦਾ ਹੈ ਉਹ ਡਿੱਗ ਪਵੇਗਾ,
ਪਰ ਧਰਮੀ ਹਰੇ ਪੱਤੇ ਵਾਂਗੂੰ ਲਹਿਲਹਾਉਣਗੇ।
29 ਜਿਹੜਾ ਆਪਣੇ ਟੱਬਰ ਨੂੰ ਦੁਖੀ ਕਰਦਾ ਹੈ ਉਹ ਹਵਾ ਨੂੰ ਵਿਰਸੇ ਵਿੱਚ ਲਵੇਗਾ,
ਅਤੇ ਮੂਰਖ ਬੁੱਧਵਾਨ ਦਾ ਦਾਸ ਹੋਵੇਗਾ।
30 ਧਰਮੀ ਦਾ ਫਲ ਜੀਵਨ ਦਾ ਰੁੱਖ ਹੈ,
ਅਤੇ ਜਿਹੜਾ ਬੁੱਧਵਾਨ ਹੈ ਉਹ ਲੋਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ।
31 ਵੇਖੋ, ਧਰਮੀ ਵੀ ਇਸ ਧਰਤੀ ਉੱਤੇ ਆਪਣਾ ਫਲ ਭੋਗਦੇ ਹਨ,
ਤਾਂ ਦੁਸ਼ਟ ਅਤੇ ਪਾਪੀ ਕਿੰਨ੍ਹਾਂ ਵਧੀਕ ਭੋਗਣਗੇ!
* 11:4 ਪਰਮੇਸ਼ੁਰ ਦੇ ਕਹਿਰ 11:14 ਜਿੱਤ