105
ਪਰਮੇਸ਼ੁਰ ਅਤੇ ਉਸ ਦੇ ਲੋਕ
1 ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ,
ਉੱਮਤਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ!
2 ਉਹ ਨੂੰ ਗਾਓ, ਉਸ ਲਈ ਭਜਨ ਗਾਓ,
ਉਹ ਦੇ ਸਾਰੇ ਅਚਰਜ਼ ਕੰਮਾਂ ਉੱਤੇ ਧਿਆਨ ਕਰੋ!
3 ਉਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ,
ਯਹੋਵਾਹ ਦੇ ਖੋਜ਼ੀਆਂ ਦੇ ਮਨ ਅਨੰਦ ਹੋਣ!
4 ਯਹੋਵਾਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ,
ਉਹ ਦੇ ਦਰਸ਼ਣ ਨੂੰ ਲਗਾਤਾਰ ਲੋਚੋ।
5 ਉਹ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ,
ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਯਮਾਂ ਨੂੰ ਵੀ।
6 ਹੇ ਉਹ ਦੇ ਦਾਸ ਅਬਰਾਹਾਮ ਦੇ ਵੰਸ਼,
ਹੇ ਯਾਕੂਬ ਦੀ ਸੰਤਾਨ, ਜਿਹੜੇ ਉਹ ਦੇ ਚੁਣੇ ਹੋਏ ਹੋ,
7 ਉਹੋ ਯਹੋਵਾਹ ਸਾਡਾ ਪਰਮੇਸ਼ੁਰ ਹੈ,
ਸਾਰੀ ਧਰਤੀ ਵਿੱਚ ਉਹ ਦੇ ਨਿਆਂ ਹਨ!
8 ਉਹ ਨੇ ਆਪਣੇ ਨੇਮ ਨੂੰ ਸਦਾ ਚੇਤੇ ਰੱਖਿਆ ਹੈ,
ਉਸ ਬਚਨ ਨੂੰ ਜਿਹ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ,
9 ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ,
ਨਾਲੇ ਇਸਹਾਕ ਨਾਲ ਉਹ ਦੀ ਸਹੁੰ ਨੂੰ,
10 ਅਤੇ ਉਹ ਨੇ ਯਾਕੂਬ ਲਈ ਬਿਧੀ ਕਰਕੇ
ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਉਹ ਨੂੰ ਦ੍ਰਿੜ੍ਹ ਕੀਤਾ,
11 ਅਤੇ ਆਖਿਆ, ਮੈਂ ਕਨਾਨ ਦੇਸ ਤੈਨੂੰ ਦਿਆਂਗਾ,
ਉਹ ਤੁਹਾਡੀ ਮਿਲਖ਼ ਦਾ ਹਿੱਸਾ ਹੈ,
12 ਜਦ ਓਹ ਗਿਣਤੀ ਵਿੱਚ ਥੋੜੇ ਹੀ ਸਨ,
ਸਗੋਂ ਬਹੁਤ ਹੀ ਥੋੜੇ ਅਤੇ ਉਸ ਵਿੱਚ ਪਰਦੇਸੀ ਵੀ ਸਨ,
13 ਅਤੇ ਓਹ ਕੌਮ-ਕੌਮ ਵਿੱਚ,
ਅਤੇ ਇੱਕ ਰਾਜ ਤੋਂ ਦੂਜੀ ਉੱਮਤ ਵਿੱਚ ਫਿਰਦੇ ਰਹੇ।
14 ਉਹ ਨੇ ਕਿਸੇ ਨੂੰ ਉਨ੍ਹਾਂ ਉੱਤੇ ਅਨ੍ਹੇਰ ਨਾ ਕਰਨ ਦਿੱਤਾ,
ਅਤੇ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ,
15 ਕਿ ਮੇਰੇ ਮਸਹ ਕੀਤੇ ਹੋਇਆਂ ਨੂੰ ਨਾ ਛੂਹੋ,
ਨਾ ਮੇਰੇ ਨਬੀਆਂ ਦੀ ਹਾਣ ਕਰੋ!
16 ਤਾਂ ਉਹ ਨੇ ਦੇਸ ਉੱਤੇ ਕਾਲ ਪਾ ਦਿੱਤਾ,
ਅਤੇ ਰੋਟੀ ਦਾ ਸਾਰਾ ਆਸਰਾ ਭੰਨ ਸੁੱਟਿਆ।
17 ਉਹ ਨੇ ਉਨ੍ਹਾਂ ਦੇ ਅੱਗੇ ਇੱਕ ਮਨੁੱਖ ਭੇਜਿਆ,
ਯੂਸੁਫ਼ ਦਾਸ ਕਰਕੇ ਵੇਚਿਆ ਗਿਆ।
18 ਉਨ੍ਹਾਂ ਨੇ ਉਹ ਦੇ ਪੈਰਾਂ ਨੂੰ ਬੇੜੀਆਂ ਨਾਲ ਦੁੱਖ ਦਿੱਤਾ,
ਉਹ ਲੋਹੇ ਵਿੱਚ ਜਕੜਿਆ ਗਿਆ,
19 ਉਸ ਵੇਲੇ ਤੱਕ ਕਿ ਉਹ ਦਾ ਬਚਨ ਪੂਰਾ ਹੋ ਗਿਆ,
ਯਹੋਵਾਹ ਦਾ ਸ਼ਬਦ ਉਹ ਨੂੰ ਪਰਖਦਾ ਰਿਹਾ।
20 ਰਾਜੇ ਨੇ ਹੁਕਮ ਭੇਜ ਕੇ ਉਨ੍ਹਾਂ ਨੂੰ ਖੋਲ੍ਹ ਦਿੱਤਾ,
ਰਈਯਤਾਂ ਦੇ ਹਾਕਮ ਨੇ ਉਹ ਨੂੰ ਆਜ਼ਾਦ ਕੀਤਾ।
21 ਉਸ ਨੇ ਉਹ ਨੂੰ ਆਪਣੇ ਘਰ ਦਾ ਮਾਲਕ,
ਅਤੇ ਆਪਣੀ ਸਾਰੀ ਮਿਲਖ਼ ਦਾ ਹਾਕਮ ਠਹਿਰਾਇਆ,
22 ਕਿ ਉਹ ਆਪਣੀ ਮਰਜ਼ੀ ਨਾਲ ਉਸ ਦੇ ਸਰਦਾਰਾਂ ਨੂੰ ਬੰਨ੍ਹ ਲਵੇ,
ਅਤੇ ਉਸ ਦੇ ਬਜ਼ੁਰਗਾਂ ਨੂੰ ਮੱਤ ਸਿਖਾਵੇ।
23 ਇਸਰਾਏਲ ਮਿਸਰ ਵਿੱਚ ਗਿਆ,
ਅਤੇ ਯਾਕੂਬ ਹਾਮ ਦੇ ਦੇਸ ਵਿੱਚ ਪਰਦੇਸੀ ਰਿਹਾ।
24 ਉਹ ਨੇ ਆਪਣੀ ਪਰਜਾ ਨੂੰ ਬਹੁਤ ਫਲਵੰਤ ਬਣਾਇਆ
ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਤੋਂ ਬਲਵੰਤ ਕੀਤਾ।
25 ਉਹ ਨੇ ਉਨ੍ਹਾਂ ਦੇ ਦਿਲ ਫੇਰ ਦਿੱਤੇ,
ਕਿ ਓਹ ਉਹ ਦੀ ਪਰਜਾ ਤੋਂ ਘਿਣ ਕਰਨ
ਅਤੇ ਉਹ ਦੇ ਦਾਸਾਂ ਨਾਲ ਚਲਾਕੀ ਕਰਨ।
26 ਉਹ ਨੇ ਆਪਣੇ ਦਾਸ ਮੂਸਾ ਨੂੰ ਭੇਜਿਆ,
ਅਤੇ ਹਾਰੂਨ ਨੂੰ ਜਿਹ ਨੂੰ ਉਹ ਨੇ ਚੁਣਿਆ ਸੀ।
27 ਉਹਨਾਂ ਨੇ ਉਨ੍ਹਾਂ ਵਿੱਚ ਉਹ ਦੇ ਨਿਸ਼ਾਨ,
ਅਤੇ ਹਾਮ ਦੇ ਦੇਸ ਵਿੱਚ ਅਚਰਜ਼ ਕੰਮ ਵਿਖਾਏ।
28 ਉਹ ਨੇ ਅਨ੍ਹੇਰ ਭੇਜਿਆ ਤਾਂ ਅਨ੍ਹੇਰਾ ਘੁੱਪ ਹੋ ਗਿਆ,
ਮਿਸਰੀ ਉਹ ਦੇ ਬਚਨਾਂ ਤੋਂ ਆਕੀ ਨਾ ਹੋਏ।
29 ਉਹ ਨੇ ਉਨ੍ਹਾਂ ਦੇ ਪਾਣੀਆਂ ਨੂੰ ਲਹੂ ਬਣਾ ਦਿੱਤਾ ਅਤੇ ਉਨ੍ਹਾਂ ਦੀਆਂ ਮੱਛੀਆਂ ਨੂੰ ਮਾਰ ਸੁੱਟਿਆ।
30 ਉਨ੍ਹਾਂ ਦੀ ਧਰਤੀ ਵਿੱਚੋਂ ਡੱਡੂ ਕਟਕਾਂ ਦੇ ਕਟਕ ਨਿੱਕਲ ਪਏ,
ਸਗੋਂ ਉਨ੍ਹਾਂ ਦੇ ਰਾਜੇ ਦੀਆਂ ਕੋਠੜੀਆਂ ਵਿੱਚ ਵੀ!
31 ਉਹ ਨੇ ਹੁਕਮ ਦਿੱਤਾ ਤਾਂ ਮੱਖਾਂ ਦੇ ਝੁੰਡ ਆ ਗਏ,
ਅਤੇ ਉਨ੍ਹਾਂ ਦੀਆਂ ਸਾਰੀਆਂ ਹੱਦਾਂ ਵਿੱਚ ਜੂੰਆਂ ਵੀ।
32 ਉਹ ਨੇ ਗੜਿਆਂ ਦੀ ਬੁਛਾੜ ਦਿੱਤੀ,
ਅਤੇ ਉਨ੍ਹਾਂ ਦੇ ਦੇਸ ਵਿੱਚ ਅੱਗ ਦੀਆਂ ਲੰਬਾਂ।
33 ਉਹ ਨੇ ਉਨ੍ਹਾਂ ਦੇ ਅੰਗੂਰ ਅਤੇ ਹੰਜ਼ੀਰਾਂ ਮਾਰ ਦਿੱਤੀਆਂ,
ਅਤੇ ਉਨ੍ਹਾਂ ਦੀਆਂ ਹੱਦਾਂ ਦੇ ਬਿਰਛ ਭੰਨ ਸੁੱਟੇ।
34 ਉਹ ਨੇ ਹੁਕਮ ਦਿੱਤਾ ਤਾਂ ਸਲਾ ਆ ਗਈ,
ਅਤੇ ਟੋਕਾ ਅਣਗਿਣਤ ਸੀ।
35 ਉਹਨਾਂ ਨੇ ਉਨ੍ਹਾਂ ਦੀ ਧਰਤੀ ਦਾ ਸਾਰਾ ਸਾਗ ਪੱਤ ਖਾ ਲਿਆ,
ਅਤੇ ਉਨ੍ਹਾਂ ਦੀ ਜ਼ਮੀਨ ਦੇ ਫਲ ਵੀ ਖਾ ਲਏ।
36 ਉਹ ਨੇ ਉਨ੍ਹਾਂ ਦੇ ਦੇਸ ਦੇ ਸਾਰੇ ਪਹਿਲੌਠੇ ਮਾਰ ਦਿੱਤੇ,
ਉਨ੍ਹਾਂ ਦੇ ਸਾਰੇ ਬਲ ਦੇ ਪਹਿਲੇ ਫਲ ਵੀ।
37 ਉਹ ਚਾਂਦੀ ਅਤੇ ਸੋਨੇ ਨਾਲ ਉਨ੍ਹਾਂ ਨੂੰ ਬਾਹਰ ਕੱਢ ਲਿਆਇਆ,
ਉਹਨਾਂ ਦੇ ਗੋਤਾਂ ਵਿੱਚ ਕੋਈ ਡਗਮਗਾਉਣ ਵਾਲਾ ਨਾ ਸੀ।
38 ਮਿਸਰੀ ਉਹਨਾਂ ਦੇ ਨਿੱਕਲ ਜਾਣ ਵਿੱਚ ਅਨੰਦ ਸਨ,
ਕਿਉਂ ਜੋ ਉਹਨਾਂ ਦਾ ਭੈਅ ਉਨ੍ਹਾਂ ਉੱਤੇ ਆ ਪਿਆ ਸੀ।
39 ਉਹ ਨੇ ਪੜਦੇ ਲਈ ਬੱਦਲ ਤਾਣਿਆ,
ਅਤੇ ਰਾਤ ਨੂੰ ਚਾਨਣ ਦੇਣ ਲਈ ਅੱਗ ਦਿੱਤੀ।
40 ਉਹਨਾਂ ਦੇ ਮੰਗਣ ਤੇ ਉਹ ਬਟੇਰੇ ਲੈ ਆਇਆ,
ਅਤੇ ਉਹਨਾਂ ਨੂੰ ਸਵਰਗੀ ਰੋਟੀ ਨਾਲ ਰਜਾਇਆ।
41 ਉਹ ਨੇ ਚੱਟਾਨ ਨੂੰ ਖੋਲ੍ਹਿਆ ਤਾਂ ਪਾਣੀ ਫੁੱਟ ਨਿੱਕਲੇ,
ਓਹ ਥਲਾਂ ਵਿੱਚ ਨਦੀ ਵਾਂਗੂੰ ਵਗ ਤੁਰੇ,
42 ਕਿਉਂ ਜੋ ਉਹ ਨੇ ਆਪਣੇ ਪਵਿੱਤਰ ਬਚਨ ਨੂੰ
ਅਤੇ ਆਪਣੇ ਦਾਸ ਅਬਰਾਹਾਮ ਨੂੰ ਚੇਤੇ ਰੱਖਿਆ।
43 ਉਹ ਆਪਣੀ ਪਰਜਾ ਨੂੰ ਖੁਸ਼ੀ ਵਿੱਚ,
ਅਤੇ ਆਪਣੇ ਚੁਣੇ ਹੋਇਆਂ ਨੂੰ ਜੈਕਾਰਿਆਂ ਨਾਲ ਬਾਹਰ ਲੈ ਆਇਆ।
44 ਉਹ ਨੇ ਉਹਨਾਂ ਨੂੰ ਕੌਮਾਂ ਦੇ ਦੇਸ
ਅਤੇ ਉੱਮਤਾਂ ਦੀ ਕਮਾਈ ਉਹਨਾਂ ਨੂੰ ਮਿਲਖ਼ ਵਿੱਚ ਦਿੱਤੀ,
45 ਕਿ ਓਹ ਉਹ ਦੀਆਂ ਬਿਧੀਆਂ ਦੀਆਂ ਪਾਲਣਾ ਕਰਨ,
ਅਤੇ ਉਹ ਦੀ ਬਿਵਸਥਾ ਨੂੰ ਵਿਚਾਰਨ। ਹਲਲੂਯਾਹ!।