138
ਪਰਮੇਸ਼ੁਰ ਦੀ ਕਿਰਪਾ ਲਈ ਧੰਨਵਾਦ ਦੀ ਪ੍ਰਾਰਥਨਾ
ਦਾਊਦ ਦਾ ਭਜਨ।
1 ਹੇ ਯਹੋਵਾਹ, ਮੈਂ ਆਪਣੇ ਸਾਰੇ ਦਿਲ ਤੋਂ ਤੇਰਾ ਧੰਨਵਾਦ ਕਰਾਂਗਾ,
ਦੇਵਤਿਆਂ ਦੇ ਅੱਗੇ ਮੈਂ ਤੇਰੇ ਭਜਨ ਗਾਵਾਂਗਾ।
2 ਮੈਂ ਤੇਰੀ ਪਵਿੱਤਰ ਹੈਕਲ ਵਿੱਚ ਮੱਥਾ ਟੇਕਾਂਗਾ,
ਅਤੇ ਮੈਂ ਤੇਰੀ ਦਯਾ ਦੇ ਕਾਰਨ ਤੇ ਤੇਰੀ ਵਫ਼ਾਦਾਰੀ ਦੇ ਕਾਰਨ, ਤੇਰੇ ਨਾਮ ਦਾ ਧੰਨਵਾਦ ਕਰਾਂਗਾ,
ਕਿਉਂ ਜੋ ਤੂੰ ਸਭ ਦੇ ਉੱਤੇ ਆਪਣੇ ਨਾਮ ਨੂੰ, ਆਪਣੇ ਬਚਨ ਨੂੰ ਵਡਿਆਇਆ ਹੈ!
3 ਜਿਸ ਦਿਨ ਮੈਂ ਤੈਨੂੰ ਪੁਕਾਰਿਆ ਤੂੰ ਮੈਨੂੰ ਉੱਤਰ ਦਿੱਤਾ,
ਤੂੰ ਮੇਰੀ ਜਾਨ ਨੂੰ ਬਲ ਦੇ ਕੇ ਮੈਨੂੰ ਦਿਲੇਰ ਬਣਾਇਆ।
4 ਹੇ ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੇਰਾ ਧੰਨਵਾਦ ਕਰਨਗੇ,
ਕਿਉਂ ਜੋ ਉਨ੍ਹਾਂ ਨੇ ਤੇਰੇ ਸੁੱਖ ਦਿਆਂ ਵਾਕਾਂ ਨੂੰ ਸੁਣਿਆ ਹੈ,
5 ਅਤੇ ਓਹ ਯਹੋਵਾਹ ਦੇ ਰਾਹਾਂ ਦੇ ਗੀਤ ਗਾਉਣਗੇ,
ਯਹੋਵਾਹ ਦੀ ਮਹਿਮਾ ਜੋ ਵੱਡੀ ਹੈ!
6 ਭਾਵੇਂ ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ,
ਪਰ ਹੰਕਾਰੀਆਂ ਨੂੰ ਦੂਰੋਂ ਜਾਣ ਲੈਂਦਾ ਹੈ!
7 ਭਾਵੇਂ ਮੈਂ ਦੁੱਖਾਂ ਵਿੱਚ ਚੱਲਾਂ, ਤੂੰ ਮੈਨੂੰ ਬਚਾਏ ਰੱਖੇਂਗਾ,
ਮੇਰੇ ਵੈਰੀਆਂ ਦੇ ਕ੍ਰੋਧ ਉੱਤੇ ਤੂੰ ਆਪਣਾ ਹੱਥ ਵਧਾਵੇਂਗਾ,
ਅਤੇ ਤੇਰਾ ਸੱਜਾ ਹੱਥ ਮੈਨੂੰ ਬਚਾਵੇਗਾ।
8 ਯਹੋਵਾਹ ਮੇਰਾ ਕੰਮ ਪੂਰਾ ਕਰੇਗਾ,
ਹੇ ਯਹੋਵਾਹ, ਤੇਰੀ ਦਯਾ ਸਦੀਪਕ ਹੈ,
ਆਪਣੇ ਹੱਥਾਂ ਦੇ ਕੰਮਾਂ ਨੂੰ ਨਾ ਤਿਆਗ!