35
ਵੈਰੀਆਂ ਤੋਂ ਛੁਟਕਾਰਾ ਪਾਉਣ ਲਈ ਪ੍ਰਾਰਥਨਾ
ਦਾਊਦ ਦਾ ਭਜਨ।
ਹੇ ਯਹੋਵਾਹ, ਜਿਹੜੇ ਮੇਰੇ ਨਾਲ ਮੁਕੱਦਮਾ ਕਰਦੇ ਹਨ,
ਉਨ੍ਹਾਂ ਨਾਲ ਤੂੰ ਮੁਕੱਦਮਾ ਕਰ,
ਜਿਹੜੇ ਮੇਰੇ ਨਾਲ ਲੜਦੇ ਹਨ ਉਹਨਾਂ ਨਾਲ ਲੜ।
ਢਾਲ਼ ਅਤੇ ਨੇਜੇ ਨੂੰ ਸਾਂਭ, ਅਤੇ ਮੇਰੀ ਸਹਾਇਤਾ ਲਈ
ਉੱਠ!
ਬਰਛਾ ਕੱਢ ਕੇ ਮੇਰਾ ਪਿੱਛਾ ਕਰਨ ਵਾਲਿਆਂ ਦਾ
ਰਾਹ ਬੰਦ ਕਰ,
ਮੇਰੀ ਜਾਨ ਨੂੰ ਆਖ,
ਤੇਰਾ ਬਚਾਓ ਮੈਂ ਹੀ ਹਾਂ।
ਜਿਹੜੇ ਮੇਰੀ ਜਾਨ ਦੇ ਵੈਰੀ ਹਨ
ਓਹ ਲੱਜਿਆਵਾਨ ਅਤੇ ਖੱਜਲ ਹੋਣ,
ਜਿਹੜੇ ਮੇਰੀ ਬੁਰਿਆਈ ਸੋਚਦੇ ਹਨ
ਉਹ ਪਿੱਛੇ ਹਟਾਏ ਜਾਣ ਅਤੇ ਉਲਝ ਜਾਣ!
ਉਹ ਪੌਣ ਨਾਲ ਉੱਡਦੀ ਤੂੜੀ ਵਾਂਗੂੰ ਹੋਣ,
ਅਤੇ ਯਹੋਵਾਹ ਦਾ ਦੂਤ ਉਹਨਾਂ ਨੂੰ ਧੱਕਾ ਮਾਰਦਾ ਜਾਏ।
ਉਨ੍ਹਾਂ ਦਾ ਰਾਹ ਹਨ੍ਹੇਰਾ ਅਤੇ ਤਿਲਕਣਾ ਹੋਵੇ,
ਅਤੇ ਯਹੋਵਾਹ ਦਾ ਦੂਤ ਉਹਨਾਂ ਦਾ ਪਿੱਛਾ ਕਰੀ ਜਾਵੇ
ਕਿਉਂ ਜੋ ਉਨ੍ਹਾਂ ਬਿਨ੍ਹਾਂ ਕਾਰਨ ਮੇਰੇ ਲਈ
ਟੋਏ ਵਿੱਚ ਜਾਲ਼ ਛਿਪਾਇਆ ਹੈ,
ਉਨ੍ਹਾਂ ਨੇ ਬਿਨ੍ਹਾਂ ਕਿਸੇ ਕਾਰਨ ਮੇਰੀ ਜਾਨ
ਲਈ ਟੋਆ ਪੁੱਟਿਆ ਹੈ।
ਉਹਨਾਂ ਉੱਤੇ ਅਚਾਨਕ ਬਰਬਾਦੀ ਆ ਪਵੇ!
ਅਤੇ ਜਿਹੜਾ ਜਾਲ਼ ਉਸ ਨੇ ਛਿਪਾਇਆ
ਉਹੋ ਉਸ ਨੂੰ ਫਸਾ ਲਵੇ,
ਉਹ ਆਪ ਉਸ ਵਿੱਚ ਡਿੱਗ ਕੇ ਨਸ਼ਟ ਹੋ ਜਾਵੇ!
ਤਾਂ ਮੇਰੀ ਜਾਨ ਯਹੋਵਾਹ ਵਿੱਚ
ਬਾਗ-ਬਾਗ ਹੋਵੇਗੀ,
ਉਹ ਉਸ ਦੇ ਬਚਾਓ ਵਿੱਚ ਮਗਨ ਹੋਵੇਗੀ।
10 ਮੇਰੀਆਂ ਸਾਰੀਆਂ ਹੱਡੀਆਂ ਆਖਣਗੀਆਂ,
ਹੇ ਯਹੋਵਾਹ, ਤੇਰੇ ਸਮਾਨ ਕੌਣ ਹੈ?
ਤੂੰ ਮਸਕੀਨ ਨੂੰ ਉਸ ਨਾਲੋਂ ਤਕੜੇ ਤੋਂ ਛੁਡਾਉਂਦਾ ਹੈ,
ਹਾਂ, ਮਸਕੀਨ ਤੇ ਕੰਗਾਲ ਨੂੰ ਲੁਟੇਰੇ ਤੋਂ।
11 ਜ਼ਾਲਮ ਗਵਾਹ ਉੱਠ ਖੜੇ ਹੁੰਦੇ ਹਨ,
ਉਹ ਮੈਥੋਂ ਓਹ ਗੱਲਾਂ ਪੁੱਛਦੇ ਹਨ ਜੋ ਮੈਂ ਨਹੀਂ ਜਾਣਦਾ।
12 ਨੇਕੀ ਦੇ ਬਦਲੇ ਉਹ ਮੈਨੂੰ ਬਦੀ ਦਿੰਦੇ ਹਨ,
ਮੇਰੀ ਜਾਨ ਬੇਚੈਨ ਹੋ ਜਾਂਦੀ ਹੈ।
13 ਜਦੋਂ ਓਹ ਬਿਮਾਰ ਸਨ, ਮੇਰਾ ਲਿਬਾਸ ਤੱਪੜ ਦਾ ਸੀ,
ਮੈਂ ਵਰਤ ਰੱਖ ਕੇ ਆਪਣੀ ਜਾਨ ਨੂੰ ਦੁੱਖ ਦਿੱਤਾ,
ਅਤੇ ਮੇਰੀ ਪ੍ਰਾਰਥਨਾ ਦਾ ਉੱਤਰ ਮੈਨੂੰ ਨਹੀਂ ਮਿਲਿਆ l
14 ਮੈਂ ਉਨ੍ਹਾਂ ਨਾਲ ਮਿੱਤਰ ਜਾਂ ਭਰਾ ਵਾਂਗੂੰ ਵਰਤਿਆ,
ਜਿਵੇਂ ਕੋਈ ਆਪਣੀ ਮਾਤਾ ਲਈ
ਵਿਰਲਾਪ ਕਰੇ ਤਿਵੇਂ ਮੈਂ ਸੋਗ
ਨਾਲ ਝੁੱਕ ਗਿਆ।
15 ਪਰ ਉਹ ਮੇਰੇ ਲੰਗੜਾਉਣ ਤੋਂ ਅਨੰਦ ਹੋ ਕੇ ਇਕੱਠੇ ਹੋਏ ਹਾਂ,
ਉਹ ਮਾਰ ਕੁੱਟਣ ਵਾਲੇ ਮੇਰੇ ਵਿਰੁੱਧ ਇਕੱਠੇ ਹੋਏ,
ਅਤੇ ਮੈਂ ਨਾ ਜਾਣਿਆ।
ਓਹ ਮਾਰਦੇ ਰਹੇ ਅਤੇ ਹਟੇ ਨਹੀਂ।
16 ਉਨ੍ਹਾਂ ਕਪਟੀਆਂ ਦੀ ਤਰ੍ਹਾਂ ਜਿਹੜੇ ਰੋਟੀ ਲਈ ਮਖ਼ੌਲ ਕਰਦੇ ਹਨ,
ਉਹਨਾਂ ਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ।
17 ਹੇ ਪ੍ਰਭੂ, ਤੂੰ ਕਦੋਂ ਤੱਕ ਵੇਖਦਾ ਰਹੇਂਗਾ?
ਮੇਰੀ ਜਾਨ ਨੂੰ ਉਹਨਾਂ ਦੇ ਵਿਗਾੜ ਤੋਂ,
ਅਤੇ ਮੇਰੀ ਜ਼ਿੰਦਗੀ ਨੂੰ ਬੱਬਰ ਸ਼ੇਰਾਂ ਤੋਂ ਛੁਡਾ!
18 ਮੈਂ ਮਹਾਂ-ਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ,
ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ।
19 ਜਿਹੜੇ ਬੇਵਜ੍ਹਾ ਮੇਰੇ ਵੈਰੀ ਹਨ ਉਨ੍ਹਾਂ ਨੂੰ ਮੇਰੇ ਉੱਤੇ
ਅਨੰਦ ਨਾ ਹੋਣ ਦੇ,
ਅਤੇ ਜਿਹੜੇ ਬਿਨ੍ਹਾਂ ਕਾਰਨ ਮੇਰੇ ਦੁਸ਼ਮਣ ਹਨ
ਉਨ੍ਹਾਂ ਨੂੰ ਮੇਰੇ ਉੱਤੇ ਅੱਖ ਮਟਕਾਉਣ ਨਾ ਦੇ,
20 ਕਿਉਂ ਜੋ ਓਹ ਸੁੱਖ-ਸਾਂਦ ਦੀ ਗੱਲ ਨਹੀਂ ਕਰਦੇ,
ਸਗੋਂ ਜਿਹੜੇ ਦੇਸ ਵਿੱਚ ਆਰਾਮ ਨਾਲ ਵੱਸਦੇ ਹਨ,
ਉਨ੍ਹਾਂ ਦੇ ਵਿਰੁੱਧ ਉਹ ਛਲ ਦੀਆਂ ਗੱਲਾਂ ਬਣਾਉਂਦੇ ਹਨ।
21 ਉਨ੍ਹਾਂ ਨੇ ਮੇਰੇ ਉੱਤੇ ਆਪਣਾ ਮੂੰਹ ਖੋਲ੍ਹ ਕੇ ਆਖਿਆ,
ਵਾਹ, ਵਾਹ! ਸਾਡੀਆਂ ਅੱਖੀਆਂ ਨੇ ਵੇਖ ਲਿਆ ਹੈ!
22 ਹੇ ਯਹੋਵਾਹ, ਤੂੰ ਵੇਖ ਲਿਆ! ਚੁੱਪ ਨਾ ਕਰ,
ਹੇ ਪ੍ਰਭੂ, ਮੈਥੋਂ ਦੂਰ ਨਾ ਰਹਿ!
23 ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪ੍ਰਭੂ,
ਮੇਰੇ ਨਿਆਂ ਲਈ ਉੱਠ,
ਅਤੇ ਮੇਰੇ ਮੁਕੱਦਮੇ ਲਈ ਜਾਗ।
24 ਹੇ ਯਹੋਵਾਹ ਮੇਰੇ ਪਰਮੇਸ਼ੁਰ,
ਆਪਣੇ ਧਰਮ ਦੇ ਅਨੁਸਾਰ ਮੇਰਾ ਨਿਆਂ ਕਰ,
ਅਤੇ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇ!
25 ਉਹ ਆਪਣੇ ਮਨ ਵਿੱਚ ਇਹ ਨਾ ਕਹਿਣ,
ਭਈ ਵਾਹ, ਅਸੀਂ ਇਹੋ ਚਾਹੁੰਦੇ ਹਾਂ!
ਉਹ ਇਹ ਨਾ ਆਖਣ ਕਿ ਅਸੀਂ ਉਹ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ!
26 ਜਿਹੜੇ ਮੇਰੇ ਨੁਕਸਾਨ ਦੇ ਕਾਰਨ ਅਨੰਦ ਹੁੰਦੇ ਹਨ,
ਓਹ ਇਕੱਠੇ ਸ਼ਰਮਿੰਦੇ ਹੋਣ ਅਤੇ ਉਲਝ ਜਾਣ।
ਜਿਹੜੇ ਮੇਰੇ ਵਿਰੁੱਧ ਆਪਣੀ ਵਡਿਆਈ ਕਰਦੇ ਹਨ,
ਉਹ ਸ਼ਰਮਿੰਦਗੀ ਅਤੇ ਅਨਾਦਰ ਦਾ ਪਹਿਰਾਵਾ ਪਹਿਨਣ।
27 ਜਿਹੜੇ ਮੇਰੇ ਧਰਮ ਤੋਂ ਪਰਸੰਨ ਹਨ
ਓਹ ਜੈ-ਜੈਕਾਰ ਅਤੇ ਅਨੰਦ ਕਰਨ,
ਉਹ ਸਦਾ ਆਖਦੇ ਜਾਣ ਜੋ ਯਹੋਵਾਹ ਦੀ ਵਡਿਆਈ ਹੋਵੇ,
ਜਿਹੜਾ ਆਪਣੇ ਦਾਸ ਦੀ ਸੁੱਖ ਤੋਂ ਪਰਸੰਨ ਹੈ।
28 ਤਦ ਮੇਰੀ ਜੀਭ ਤੇਰੇ ਧਰਮ ਦੀ ਚਰਚਾ ਕਰੇਗੀ,
ਦਿਨ ਭਰ ਤੇਰੀ ਉਸਤਤ ਹੋਵੇਗੀ।