66
ਧੰਨਵਾਦ ਅਤੇ ਉਸਤਤ ਦਾ ਗੀਤ
ਪ੍ਰਧਾਨ ਵਜਾਉਣ ਵਾਲੇ ਦੇ ਲਈ ਭਜਨ, ਗੀਤ।
ਹੇ ਧਰਤੀ ਦੇ ਸਾਰੇ ਲੋਕੋ, ਪਰਮੇਸ਼ੁਰ ਦੇ ਲਈ ਲਲਕਾਰੋ,
ਉਹ ਦੇ ਨਾਮ ਦੀ ਮਹਿਮਾ ਦੇ ਭਜਨ ਕੀਰਤਨ ਕਰੋ,
ਉਹ ਦੀ ਮਹਿਮਾ ਦੀ ਉਸਤਤ ਕਰੋ!
ਪਰਮੇਸ਼ੁਰ ਨੂੰ ਆਖੋ, ਵਾਹ, ਤੇਰੇ ਕੰਮ ਕੇਡੇ ਡਰਾਉਣੇ ਹਨ!
ਤੇਰੀ ਮਹਾਂ ਸਮਰੱਥਾ ਦੇ ਕਾਰਨ ਤੇਰੇ ਵੈਰੀ ਤੇਰੇ ਅੱਗੇ ਹਿਚਕ ਕੇ ਆਉਣਗੇ!
ਸਾਰੀ ਧਰਤੀ ਦੇ ਲੋਕ ਤੈਨੂੰ ਮੱਥਾ ਟੇਕਣਗੇ
ਤੇ ਤੈਨੂੰ ਗਾਉਣਗੇ,
ਓਹ ਤੇਰੇ ਨਾਮ ਦੇ ਭਜਨ ਗਾਉਣਗੇ। ਸਲਹ।
ਆਓ, ਪਰਮੇਸ਼ੁਰ ਦੇ ਕੰਮਾਂ ਨੂੰ ਵੇਖੋ,
ਆਦਮ ਵੰਸ਼ੀਆਂ ਦੀ ਵੱਲ ਉਹ ਦੀ ਕਰਨੀ ਭਿਆਨਕ ਹੈ।
ਉਹ ਨੇ ਸਮੁੰਦਰ ਨੂੰ ਥਲ ਬਣਾ ਦਿੱਤਾ,
ਓਹ ਦਰਿਆ ਵਿੱਚੋਂ ਸੁੱਕੇ ਪੈਰੀਂ ਲੰਘ ਗਏ,
ਉੱਥੇ ਅਸੀਂ ਉਹ ਦੇ ਵਿੱਚ ਨਿਹਾਲ ਹੋਏ।
ਉਹ ਆਪਣੀ ਸਮਰੱਥਾ ਨਾਲ ਸਦਾ ਤੱਕ ਰਾਜ ਕਰਦਾ ਹੈ,
ਉਹ ਦੀਆਂ ਅੱਖਾਂ ਕੌਮਾਂ ਵੱਲ ਲੱਗੀਆਂ ਰਹਿੰਦੀਆਂ ਹਨ,
ਆਕੀ ਲੋਕ ਸਿਰ ਨਾ ਚੁੱਕਣਗੇ!। ਸਲਹ।
ਹੇ ਲੋਕੋ, ਸਾਡੇ ਪਰਮੇਸ਼ੁਰ ਨੂੰ ਮੁਬਾਰਕ ਆਖੋ,
ਉਹ ਦੇ ਜਸ ਦੇ ਸ਼ਬਦ ਸੁਣਾਓ,
ਜਿਸ ਨੇ ਸਾਡੀ ਜਾਨ ਨੂੰ ਜਿਉਂਦਿਆਂ ਰੱਖਿਆ ਹੈ,
ਅਤੇ ਸਾਡੇ ਪੈਰਾਂ ਨੂੰ ਡੋਲਣ ਨਹੀਂ ਦਿੱਤਾ।
10 ਹੇ ਪਰਮੇਸ਼ੁਰ, ਤੂੰ ਤਾਂ ਸਾਨੂੰ ਪਰਖਿਆ ਹੈ,
ਤੂੰ ਚਾਂਦੀ ਦੇ ਤਾਉਣ ਵਾਂਗੂੰ ਸਾਨੂੰ ਤਾਇਆ ਹੈ।
11 ਤੂੰ ਸਾਨੂੰ ਜਾਲ਼ ਵਿੱਚ ਲਿਆਇਆ,
ਤੂੰ ਸਾਡੇ ਲੱਕਾਂ ਉੱਤੇ ਡਾਢਾ ਭਾਰ ਪਾ ਦਿੱਤਾ ਹੈ!
12 ਤੂੰ ਮਨੁੱਖਾਂ ਨੂੰ ਸਾਡੇ ਸਿਰਾਂ ਉੱਤੇ ਚੜ੍ਹਾ ਦਿੱਤਾ ਹੈ,
ਅਸੀਂ ਅੱਗ ਅਤੇ ਪਾਣੀ ਦੇ ਵਿੱਚੋਂ ਦੀ ਲੰਘੇ,
ਪਰ ਤੂੰ ਸਾਨੂੰ ਭਰਿਆ ਥਾਵਾਂ ਵਿੱਚ ਪਹੁੰਚਾ ਦਿੱਤਾ।
13 ਮੈਂ ਤੇਰੇ ਭਵਨ ਵਿੱਚ ਹੋਮ ਦੀਆਂ ਬਲੀਆਂ ਨਾਲ ਆਵਾਂਗਾ,
ਮੈਂ ਆਪਣੀਆਂ ਸੁੱਖਣਾਂ ਤੇਰੇ ਅੱਗੇ ਪੂਰੀਆਂ ਕਰਾਂਗਾ,
14 ਜਿਹੜੀਆਂ ਮੇਰੇ ਬੁੱਲ੍ਹਾਂ ਤੋਂ ਨਿੱਕਲੀਆਂ,
ਅਤੇ ਸੰਕਟ ਦੇ ਵੇਲੇ ਮੈਂ ਆਪਣੇ ਮੂੰਹੋਂ ਮੰਨਿਆ।
15 ਮੈਂ ਤੈਨੂੰ ਹੋਮ ਦੀਆਂ ਬਲੀਆਂ ਲਈ
ਮੋਟੇ-ਮੋਟੇ ਪਸ਼ੂਆਂ ਨੂੰ ਛੱਤ੍ਰਿਆਂ ਦੀ ਧੂਪ ਨਾਲ ਚੜ੍ਹਾਵਾਂਗਾ। ਸਲਹ।
16 ਪਰਮੇਸ਼ੁਰ ਦਾ ਭੈਅ ਰੱਖਣ ਵਾਲਿਓ, ਆਓ, ਸੁਣੋ,
ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਉਹ ਨੇ ਮੇਰੀ ਜਾਨ ਲਈ ਕੀ ਕੁਝ ਕੀਤਾ ਹੈ।
17 ਮੈਂ ਮੂੰਹੋਂ ਉਹ ਨੂੰ ਪੁਕਾਰਿਆ,
ਅਤੇ ਆਪਣੀ ਰਸਨਾ ਤੋਂ ਉਹ ਨੂੰ ਸਲਾਹਿਆ।
18 ਜੇ ਮੈਂ ਆਪਣੇ ਮਨ ਵਿੱਚ ਬਦੀ ਰੱਖਦਾ,
ਤਾਂ ਪ੍ਰਭੂ ਮੇਰੀ ਪ੍ਰਾਰਥਨਾ ਨਾ ਸੁਣਦਾ।
19 ਪਰ ਪਰਮੇਸ਼ੁਰ ਨੇ ਸੱਚ-ਮੁੱਚ ਸੁਣਿਆ ਹੈ,
ਉਹ ਨੇ ਮੇਰੀ ਪ੍ਰਾਰਥਨਾ ਦੀ ਅਵਾਜ਼ ਵੱਲ ਕੰਨ ਲਾਇਆ ਹੈ।
20 ਮੁਬਾਰਕ ਹੈ ਪਰਮੇਸ਼ੁਰ
ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਾ ਕੀਤਾ,
ਨਾ ਆਪਣੀ ਦਯਾ ਨੂੰ ਮੈਥੋਂ ਰੋਕਿਆ।