87
ਸਿਯੋਨ ਦੀ ਉਸਤਤ ਵਿੱਚ
ਕੋਰਹ ਵੰਸ਼ੀਆਂ ਦਾ ਭਜਨ। ਗੀਤ।
ਉਹ ਦੀ ਨੀਂਹ ਪਵਿੱਤਰ ਪਰਬਤ ਵਿੱਚ ਹੈ।
ਯਹੋਵਾਹ ਯਾਕੂਬ ਦੇ ਸਾਰੇ ਡੇਰਿਆਂ ਨਾਲੋਂ ਸੀਯੋਨ ਦੇ ਫਾਟਕਾਂ ਨਾਲ ਵਧੇਰੇ ਪ੍ਰੇਮ ਰੱਖਦਾ ਹੈ।
ਹੇ ਪਰਮੇਸ਼ੁਰ ਦੇ ਸ਼ਹਿਰ,
ਤੇਰੇ ਲਈ ਸ਼ਾਨਦਾਰ ਬੋਲ ਬੋਲੇ ਜਾ ਰਹੇ ਹਨ! ਸਲਹ।
ਮੈਂ ਆਪਣੇ ਜਾਣੂਆਂ ਵਿੱਚ ਰਹਬ ਅਤੇ ਬਾਬਲ ਦਾ ਚਰਚਾ ਕਰਾਂਗਾ,
ਵੇਖੋ, ਫ਼ਲਿਸਤ ਅਤੇ ਸੂਰ ਅਤੇ ਕੂਸ਼ ਦਾ ਵੀ,
ਕਿ ਇਹ ਉੱਥੇ ਜੰਮਿਆਂ ਸੀ।
ਸਗੋਂ ਸੀਯੋਨ ਲਈ ਆਖਿਆ ਜਾਵੇਗਾ,
ਕਿ ਇਹ ਮਨੁੱਖ ਤੇ ਉਹ ਮਨੁੱਖ ਉੱਥੇ ਜੰਮੇ,
ਅਤੇ ਅੱਤ ਮਹਾਨ ਉਸ ਨੂੰ ਕਾਇਮ ਰੱਖੇਗਾ।
ਯਹੋਵਾਹ ਉੱਮਤਾਂ ਦੀ ਗਿਣਤੀ ਵਿੱਚ ਲਿਖੇਗਾ,
ਕਿ ਇਹ ਵੀ ਉੱਥੇ ਜੰਮਿਆ। ਸਲਹ।
ਰਾਗੀ ਅਤੇ ਨਚਾਰ ਆਖਣਗੇ,
ਮੇਰੇ ਸਾਰੇ ਚਸ਼ਮੇ ਤੇਰੇ ਵਿੱਚੋਂ ਹਨ।